ਚੰਡੀਗੜ੍ਹ ’ਚ 140 ਤੋਂ ਵੱਧ ਥਾਵਾਂ ’ਤੇ ਮਨਾਇਆ ਜਾਵੇਗਾ ‘ਯੋਗ ਦਿਵਸ’
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੂਨ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 11ਵਾਂ ਕੌਮਾਂਤਰੀ ਯੋਗ ਦਿਵਸ ਮਨਾਉਣ ਲਈ ਤਿਆਰੀਆਂ ਕੀਤੀਆਂ ਰਹੀਆਂ ਹਨ। ਇਸ ਵਾਰ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ 140 ਤੋਂ ਵੱਧ ਥਾਵਾਂ ’ਤੇ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਦੋ ਥਾਵਾਂ ’ਤੇ ਸੈਕਟਰ-17 ਦੇ ਤਿਰੰਗਾ ਪਾਰਕ ਅਤੇ ਸੈਕਟਰ-1 ਵਿੱਚ ਸਥਿਤ ਰੌਕ ਗਾਰਡਨ ਵਿੱਚ ਸੂਬਾ ਪੱਧਰੀ ਸਮਾਗਮ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਅੱਜ ਯੂਟੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸੈਕਟਰ-17 ਵਿੱਚ ਸਥਿਤ ਤਿਰੰਗਾ ਪਾਰਕ ਦੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਥਾਂ ’ਤੇ 1800 ਜਣਿਆਂ ਦੇ ਯੋਗ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਿੱਚ ਵਿਦਿਆਰਥੀ, ਸੀਨੀਅਰ ਨਾਗਰਿਕ, ਸਰਕਾਰੀ ਅਧਿਕਾਰੀ, ਪੁਲੀਸ, ਨਿਗਲ ਕੌਂਸਲਰ, ਸਿਵਲ ਡਿਫੈਂਸ ਵਾਲੰਟੀਅਰ ਅਤੇ ਹੋਰ ਸੰਸਥਾਵਾਂ ਦੇ ਮੈਂਬਰ ਸ਼ਾਮਲ ਹੋਣਗੇ।
ਸ੍ਰੀ ਵਰਮਾ ਨੇ ਕਿਹਾ ਕਿ ਰੌਕ ਗਾਰਡਨ ਵਿੱਚ 1100 ਜਣਿਆਂ ਦੇ ਯੋਗ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਰੌਕ ਗਾਰਡਨ ਵਿੱਚ ਆਂਗਣਵਾੜੀ ਵਰਕਰ, ਕਰੈੱਚ ਹੈਲਪਰ, ਸੀਸੀਆਈ ਦੇ ਵਿਦਿਆਰਥੀ ਅਤੇ ਹੋਰ ਸ਼ਹਿਰਵਾਸੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਾਮਾਜਿਕ ਜਥੇਬੰਦੀਆਂ ਅਤੇ ਹੋਰ ਅਦਾਰਿਆਂ ਦੇ ਸਹਿਯੋਗ ਨਾਲ 140 ਤੋਂ ਵੱਧ ਥਾਵਾਂ ’ਤੇ ਯੋਗ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਨੇ ਸ਼ਹਿਰ ਦੀਆਂ ਵੱਖ-ਵੱਖ ਸਾਮਾਜਿਕ ਜਥੇਬੰਦੀਆਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਵੀ ਕੌਮਾਂਤਰੀ ਯੋਗ ਦਿਵਸ ਦੇ ਸਮਾਗਮ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।