ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 19 ਮਈ
ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਇੱਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਕਰਵਾਈ ਗਈ। ਇਸ ’ਚ ਬਾਰ੍ਹਵੀਂ ਪਾਸ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੀ ਕਲਾਤਮਕ ਅਤੇ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਨ ਲਈ ਵਿਹਾਰਕ ਸਿਖਲਾਈ ਵੀ ਪ੍ਰਦਾਨ ਕੀਤੀ ਗਈ। ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ 2006 ਤੋਂ ਪੱਤਰਕਾਰੀ ਵਿਭਾਗ ਦੀ ਸ਼ੁਰੂਆਤ ਹੋਈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਜਾ ਰਹੇ ਕੋਰਸਾਂ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਨੂੰ ਮਾਸਟਰ ਡਿਗਰੀ (ਐੱਮਏਜੇਐੱਮਸੀ) ਅਤੇ ਬੈਚਲਰ ਡਿਗਰੀ (ਬੀਏਆਨਰਜ਼ ਜੇਐੱਮਸੀ) ਵਿੱਚ ਪੜ੍ਹਾਉਣ ਤੋਂ ਇਲਾਵਾ ਅੰਡਰ ਗ੍ਰੈਜੂਏਸ਼ਨ (ਬੀਏ) ਪੱਧਰ ’ਤੇ ਚੋਣਵੇਂ ਵਿਸ਼ੇ ਦੇ ਤੌਰ ’ਤੇ ਵੀ ਪੜ੍ਹਾਇਆ ਜਾ ਰਿਹਾ ਹੈ। ਕੋਆਰਡੀਨੇਟਰ ਪ੍ਰੋ. ਭਗਵੰਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਲਵਨੀਤ ਵਸ਼ਿਸ਼ਠ ਅਤੇ ਪ੍ਰੋ. ਨਾਦਿਸ਼ ਵੀ ਹਾਜ਼ਰ ਸਨ।