ਡੇਰਾਬੱਸੀ ਸਿਵਲ ਹਸਪਤਾਲ ’ਚ 100 ਬੈੱਡਾਂ ਦਾ ਪ੍ਰਬੰਧ ਕਰਾਂਗਾ: ਸੈਣੀ
ਹਰਜੀਤ ਸਿੰਘ
ਡੇਰਾਬੱਸੀ, 23 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ 26 ਤਰੀਕ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਅੱਜ ਪ੍ਰੋਗਰਾਮ ਦੀ ਤਿਆਰੀਆਂ ਲਈ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਕਾਸ ਪੱਖੋਂ ਪਛੜ ਗਿਆ ਹੈ। ਇਸ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਲਈ ਜ਼ਰੂਰੀ ਹੈ ਕਿ ਪੰਜਾਬ ਕੇਂਦਰ ਸਰਕਾਰ ਨਾਲ ਰਲ ਕੇ ਚੱਲੇ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਵਿੱਚ ਸਿਆਸਤ ਕਰਨ ਲਈ ਨਹੀਂ ਸਗੋਂ ਸਮਾਜ ਸੇਵਾ ਲਈ ਜਾ ਰਹੇ ਹਨ। ਉਨ੍ਹਾਂ ਦੇ ਪਿਤਾ ਮਰਹੂਮ ਗੁਰਨਾਮ ਸਿੰਘ ਸੈਣੀ ਵੱਲੋਂ ਡੇਰਾਬੱਸੀ ਵਿੱਚ ਸਿਵਲ ਹਸਪਤਾਲ ਸਥਾਪਤ ਕਰਨ, ਇਸ ਦੀ ਇਮਾਰਤ ਵਿੱਚ ਵੱਡਾ ਯੋਗਦਾਨ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇ 2027 ਤੱਕ ਇਸ ਹਸਪਤਾਲ ਨੂੰ 100 ਬੈੱਡ ਦਾ ਨਹੀਂ ਕੀਤਾ ਜਾਂਦਾ ਤਾਂ ਉਹ ਆਪਣੇ ਨਿੱਜੀ ਖ਼ਰਚ ’ਤੇ ਇਸ ਨੂੰ 100 ਬੈੱਡਾਂ ਦਾ ਹਸਪਤਾਲ ਕਰਨਗੇ ਤੇ ਇੱਥੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਵਾਉਣਗੇ। ਇਸ ਮੌਕੇ ਭਾਜਪਾ ਆਗੂ ਮੁਕੇਸ਼ ਗਾਂਧੀ, ਹਰਪ੍ਰੀਤ ਸਿੰਘ ਟਿੰਕੂ, ਹਰਦੀਪ ਸਿੰਘ, ਜ਼ੀਰਕਪੁਰ ਤੋਂ ਕੌਂਸਲਰ ਹਰਜੀਤ ਸਿੰਘ ਮਿੰਟਾ, ਪੁਸ਼ਪਿੰਦਰ ਮਹਿਤਾ ਆਦਿ ਹਾਜ਼ਰ ਸਨ।