ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੂਨ
ਯੂਟੀ ਪ੍ਰਸ਼ਾਸਨ ਜਲਦੀ ਹੀ ਮੋਬਾਈਲ ਐਪ-ਅਧਾਰਤ ਟੈਕਸੀ ਚਾਲਕਾਂ ਨੂੰ ਨਿਯਮਿਤ ਕਰੇਗੀ। ਇਸ ਲਈ ਪ੍ਰਸ਼ਾਸਨ ਵੱਲੋਂ ਇਸੇ ਹਫ਼ਤੇ ਮੋਟਰ ਵਾਹਨ ਐਗਰੀਗੇਟਰ ਨਿਯਮ- 2025 ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਪ੍ਰਾਪਤ ਜਾਣeਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਨਵੇਂ ਨਿਯਮ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕਿਰਾਇਆ ਸੀਮਾਵਾਂ ਤੈਅ ਕੀਤੀਆਂ ਜਾਣਗੀਆਂ।ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਪਾਲਸੀ ਦੇ ਖਰੜੇ ਅਨੁਸਾਰ ਟੈਕਸੀ ਚਾਲਕਾਂ ਨੂੰ ਮੂਲ ਕਿਰਾਏ ਤੋਂ ਘੱਟ ਤੋਂ ਘੱਟ 50 ਫ਼ੀਸਦ ਅਤੇ ਵੱਧ ਤੋਂ ਵੱਧ 1.5 ਗੁਣਾ ਵਸੂਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੂਲ ਕਿਰਾਇਆ 3 ਕਿਲੋਮੀਟਰ ਖੇਤਰ ਨੂੰ ਕਵਰ ਕਰੇਗਾ। ਇਹ ਯਾਤਰੀ ਤੱਕ ਪਹੁੰਚਣ ਵਿੱਚ ਬਾਲਣ ਅਤੇ ਯਾਤਰਾ ਵੱਲੋਂ ਕੀਤੇ ਗਏ ਸਫ਼ਰ ਦੀ ਦੂਰੀ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤਾ ਜਾਵੇਗਾ। ਇਸ ਨਿਯਮ ਅਨੁਸਾਰ ਟੈਕਸੀ ਚਾਲਕ ਵੱਲੋਂ ਟੈਕਸੀ ਚਲਾਉਣ ਸਮੇਂ ਨਿੱਜੀ ਵਾਹਨ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਸਵਾਰੀ ਦੇ ਕਿਰਾਏ ਦਾ 2 ਫ਼ੀਸਦ ਹਿੱਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ।
ਕੈਬ ਚਾਲਕਾਂ ਦਾ ਵਿਰੋਧ ਦੂਜੇ ਹਫ਼ਤੇ ਵਿੱਚ ਦਾਖਲ
ਚੰਡੀਗੜ੍ਹ ਦੇ ਕੈਬ ਚਾਲਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ-18 ਵਿੱਚ ਸਟੇਟ ਟਰਾਂਸਪੋਰਟ ਅਥਾਰਟੀ ਦੇ ਬਾਹਰ ਸ਼ੁਰੂ ਕੀਤਾ ਵਿਰੋਧ ਪ੍ਰਦਰਸ਼ਨ ਅੱਜ ਦੂਜੇ ਹਫ਼ਤੇ ਵਿੱਚ ਦਾਖਲ ਹੋ ਗਿਆ ਹੈ। ਟ੍ਰਾਈਸਿਟੀ ਕੈਬ ਐਸੋਸੀਏਸ਼ਨ ਦੇ ਚੇਅਰਮੈਨ ਵਿਕਰਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਾਇਸੈਂਸਿੰਗ ਸਪੱਸ਼ਟਤਾ, ਕਮਿਸ਼ਨ ਢਾਂਚੇ ਅਤੇ ਨਿੱਜੀ ਵਾਹਨ ਸੰਚਾਲਨ ਸੰਬੰਧੀ ਉਨ੍ਹਾਂ ਦੀਆਂ ਪਟੀਸ਼ਨਾਂ ਅਣਸੁਣੀਆਂ ਕੀਤੀਆਂ ਜਾ ਰਹੀਆਂ ਹਨ।