ਦੋ ਦਹਾਕਿਆਂ ਬਾਅਦ ਵੀ ਨਾ ਚੱਲ ਸਕਿਆ ਟਿਊਬਵੈੱਲ
ਰਾਮ ਸ਼ਰਨ ਸੂਦ
ਅਮਲੋਹ, 17 ਮਈ
ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਸਵੱਛ ਪੀਣ ਵਾਲਾ ਪਾਣੀ ਲੋਕਾਂ ਨੂੰ ਦੇਣ ਦੀਆਂ ਰੋਜ਼ਾਨਾ ਡੀਘਾਂ ਮਾਰੀਆ ਜਾ ਰਹੀਆਂ ਹਨ ਜਦੋ ਕਿ ਦੂਸਰੇ ਪਾਸੇ ਲੱਖਾਂ ਰੁਪਏ ਦੀ ਲਾਗਤ ਨਾਲ
ਅਮਲੋਹ ਦੇ ਕਿਲ੍ਹੇ ਅੰਦਰ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਨ ਵਾਲਾ 15 ਹਾਰਸ ਪਾਵਰ ਦਾ ਟਿਊਬਵੈੱਲ 20 ਸਾਲ ਬੀਤਣ ਦੇ ਬਾਵਜੂਦ ਹਾਲੇ ਅਜੇ ਤੱਕ ਚਾਲੂ ਨਹੀਂ ਹੋ ਸਕਿਆ। ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਮਿਉਂਸਪਲ ਡਿਵੈੱਲਪਮੈਟ ਫੰਡਾਂ ਅਧੀਨ 100 ਪ੍ਰਤੀਸ਼ਤ ਜਲ ਸਪਲਾਈ ਮੁਹੱਈਆ ਕਰਨ ਦੀ ਯੋਜਨਾ ਤਹਿਤ ਤਤਕਾਲੀ ਸਥਾਨਕ ਸਰਕਾਰ, ਕਿਰਤ ਅਤੇ ਰੁਜ਼ਗਾਰ ਸੰਸਦੀ ਮਾਮਲੇ ਅਤੇ ਚੋਣ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਉਸ ਸਮੇਂ ਦੇ ਪਾਰਲੀਮਾਨੀ ਸਕੱਤਰ ਸਾਧੂ ਸਿੰਘ ਧਰਮਸੌਤ ਦੇ ਯਤਨਾਂ ਸਦਕਾ 24 ਫਰਵਰੀ 2006 ਨੂੰ ਇਸ ਟਿਊਬਵੈੱਲ ਦਾ ਨੀਂਹ ਪੱਥਰ ਰਖਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ 20 ਸਾਲ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਟਿਊਬਵੈੱਲ ਅਜੇ ਤੱਕ ਚਾਲੂ ਨਹੀਂ ਹੋਇਆ ਅਤੇ ਟਿਊਬਵੈੱਲ ਜੰਗਾਲ ਦਾ ਸਿਕਾਰ ਹੋ ਰਿਹਾ ਹੈ। ਉਸ ਸਮੇਂ ਦਾ ਰੱਖਿਆ ਨੀਹ ਪੱਥਰ ਵੀ ਤਰਸਯੋਗ ਹਾਲਤ ਵਿਚ ਹੈ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਉਨ੍ਹਾਂ ਕਾਰਜਾਂ ਦਾ ਹੀ ਨੀਹ ਪੱਥਰ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਪੂਰਾ ਕਰ ਸਕਣ। ਇਸ ਸਬੰਧੀ ਜਦੋਂ ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਾਰਜ ਲੈਣ ਤੋਂ ਪਹਿਲਾ ਦਾ ਇਹ ਮਾਮਲਾ ਹੈ ਜਿਸ ਦੀ ਉਹ ਜਾਂਚ ਕਰਕੇ ਅਗਲੀ ਕਾਰਵਾਈ ਕਰਨਗੇ।