ਲੋਕਾਂ ਲਈ ਚਾਨਣ ਮੁਨਾਰਾ ਬਣਿਆ ਅਧਿਆਪਕ ਸੁਰਜੀਤ ਸਿੰਘ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 29 ਜੂਨ
ਇੱਥੋਂ ਨਜ਼ਦੀਕੀ ਪਿੰਡ ਨਾਨੋਵਾਲ ਵਿੱਚ ਬਤੌਰ ਈਟੀਟੀ ਅਧਿਆਪਕ ਸਰਕਾਰੀ ਸਕੂਲ ’ਚ ਸੇਵਾ ਨਿਭਾ ਰਿਹਾ ਸੁਰਜੀਤ ਸਿੰਘ ਸਕੂਲ ਸਮੇਂ ਤੋਂ ਬਾਅਦ ਇਲਾਕੇ ਦੇ ਲੜਕੇ-ਲੜਕੀਆਂ ਨੂੰ ਫ਼ੌਜ, ਪੰਜਾਬ ਪੁਲੀਸ, ਬੈਂਕਿੰਗ ਸੈਕਟਰ ਸਣੇ ਹੋਰ ਅਦਾਰਿਆਂ ’ਚ ਨੌਕਰੀ ਪ੍ਰਾਪਤ ਕਰਨ ਲਈ ਲਿਖਤੀ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੇ ਰਿਹਾ ਹੈ। ਸੁਰਜੀਤ ਸਿੰਘ ਵੱਲੋਂ ਕੋਚਿੰਗ ਪ੍ਰਾਪਤ ਕਰਨ ਤੋਂ ਬਾਅਦ 110 ਨੌਜਵਾਨ ਸਰਕਾਰੀ ਨੌਕਰੀਆਂ ਕਰ ਰਹੇ ਹਨ। ਗ਼ਰੀਬ ਪਰਿਵਾਰ ’ਚ ਪੈਦਾ ਹੋਏ ਸੁਰਜੀਤ ਸਿੰਘ ਨੂੰ ਸਾਲ 2006 ਵਿੱਚ ਸਰਕਾਰੀ ਨੌਕਰੀ ਮਿਲੀ ਸੀ। ਉਹ 15 ਸਾਲਾਂ ਤੋਂ ਲਗਾਤਾਰ ਹਰ ਰੋਜ਼ ਆਪਣੇ ਸਕੂਲ ਸਮੇਂ ਤੋਂ ਬਾਅਦ, ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਮੁਫ਼ਤ ਕੋਚਿੰਗ ਦੇ ਰਿਹਾ ਹੈ। ਅਧਿਆਪਕ ਸੁਰਜੀਤ ਸਿੰਘ ਨੂੰ ਪੰਜਾਬ ਸਕੂਲ ਦੇ ਸਿੱਖਿਆ ਵਿਭਾਗ ਸਣੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਆ ਵੀ ਜਾ ਚੁੱਕਿਆ ਹੈ। ਪਿੰਡ ਨਾਨੋਵਾਲ ਦੀ ਸਰਪੰਚ ਆਸ਼ਾ ਰਾਣੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਆਰਥਿਕ ਤੌਰ ’ਤੇ ਪਛੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਹੁਨਰ ਦੀ ਕੋਈ ਕਮੀ ਨਹੀਂ, ਮਾਸਟਰ ਸੁਰਜੀਤ ਸਿੰਘ ਵੱਲੋਂ ਰਾਹ ਦਿਖਾਉਣ ’ਤੇ ਵੱਡੀ ਗਿਣਤੀ ਬੱਚੇ-ਬੱਚੀਆਂ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ।
ਦੂਜੇ ਪਾਸੇ, ਸੁਰਜੀਤ ਸਿੰਘ ਕੋਲੋਂ ਮੌਜੂਦਾ ਸਮੇਂ ਕੋਚਿੰਗ ਲੈ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਆਰਥਿਕ ਤੌਰ ’ਤੇ ਮਜ਼ਬੂਤ ਨਹੀਂ ਹਨ ਤੇ ਜੇ ਉਨ੍ਹਾਂ ਨੂੰ ਇਹ ਕੋਚਿੰਗ ਮੁਫ਼ਤ ਵਿੱਚ ਨਹੀਂ ਮਿਲਦੀ ਤਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਬਾਰੇ ਸੋਚ ਵੀ ਨਾ ਸਕਦੇ। ਵਿਦਿਆਰਥੀਆਂ ਨੇ ਕਿਹਾ ਕਿ ਅਧਿਆਪਕ ਸੁਰਜੀਤ ਸਿੰਘ ਦੀ ਲਗਨ, ਵਿਸ਼ਾ ਮੁਹਾਰਤ ਤੇ ਤਜਰਬਾ ਉਨ੍ਹਾਂ ਲਈ ਲਾਹੇਵੰਦ ਸਾਬਿਤ ਹੋਵੇਗਾ।