ਪੰਜਾਬ ਡੇਂਗੂ, ਕਰੋਨਾ ਤੇ ਲੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਮੰਤਰੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਜੂਨ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਡੇਂਗੂ, ਕਰੋਨਾ ਅਤੇ ਲੂ ਦੇ ਪ੍ਰਭਾਵ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕੁਨਗੁਨੀਆ, ਕਰੋਨਾ ਅਤੇ ਲੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਅੱਜ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਮੁਹਾਲੀ ਦੀ ਜੂਹ ਵਿੱਚ ਪਿੰਡ ਬਲੌਂਗੀ ਦਾ ਦੌਰਾ ਕੀਤਾ। ਘਰ-ਘਰ ਜਾ ਕੇ ਖ਼ੁਦ ਡੇਂਗੂ ਲਾਰਵੇ ਦੀ ਜਾਂਚ ਕੀਤੀ। ਸਿਹਤ ਮੰਤਰੀ ਨੇ ਏਅਰ ਕੂਲਰ ਦੀ ਟੈਂਕੀ ਵਿੱਚ ਲਾਰਵਾ ਲੱਭਣ ਵਾਲੀਆਂ ਆਸ਼ਾ ਵਰਕਰਾਂ ਸੋਮਪ੍ਰੀਤ ਕੌਰ ਅਤੇ ਸਰੋਜ ਨੂੰ 500-500 ਰੁਪਏ ਨਗਦ ਇਨਾਮ ਵੀ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜਾਗਰੂਕਤਾ ਕਾਰਨ ਡੇਂਗੂ ਕੇਸ ਅੱਧੇ ਰਹਿ ਗਏ ਸਨ। ਇਸ ਵਾਰੀ ਸਾਨੂੰ 80 ਫੀਸਦ ਕਮੀ ਆਉਣ ਦੀ ਉਮੀਦ ਹੈ। ਉਨ੍ਹਾਂ ਲਗਾਤਾਰ ਵਧ ਰਹੇ ਤਾਪਮਾਨ ਅਤੇ ਲੂ ਦੇ ਖ਼ਤਰੇ ਸਬੰਧੀ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਹਲਕੇ ਰੰਗ ਦੇ ਕੱਪੜੇ ਪਾਉਣ, ਸਿਰ ’ਤੇ ਗਿੱਲਾ ਤੌਲੀਆ ਅਤੇ ਨਿੰਬੂ ਪਾਣੀ, ਲੱਸੀ, ਜਲਜ਼ੀਰਾ ਜਾਂ ਹਲਕਾ ਲੂਣ ਮਿਲਿਆ ਸਾਫ਼ ਪਾਣੀ ਵਾਰ-ਵਾਰ ਪੀਣ ਦੀ ਸਲਾਹ ਦਿੱਤੀ। ਕਰੋਨਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਵੇਂ ਹੁਣ ਤੱਕ 31 ਕੇਸ ਸਾਹਮਣੇ ਆਏ ਹਨ ਪਰ ਉਹ ਬਿਨਾ-ਲੱਛਣ ਅਤੇ ਮਾਈਲਡ ਵੈਰੀਅੰਟ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਆਕਸੀਜਨ, ਦਵਾਈਆਂ ਅਤੇ ਐਮਰਜੈਂਸੀ ਬੈੱਡਾਂ ਦੀ ਕੋਈ ਘਾਟ ਨਹੀਂ ਹੈ।