ਯੂਟੀ ਆਊਟਸੋਰਡ ਕਾਮਿਆਂ ਵੱਲੋਂ ਪ੍ਰਦਰਸ਼ਨ
ਕੁਲਦੀਪ ਸਿੰਘ
ਚੰਡੀਗੜ੍ਹ, 10 ਜੁਲਾਈ
ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਪਲਾਈਜ਼ ਨਗਰ ਨਿਗਮ ਅਤੇ ਯੂਟੀ ਵਰਕਰਜ਼ ਚੰਡੀਗੜ੍ਹ ਦੇ ਬੈਨਰ ਹੇਠ ਅੱਜ ਯੂਟੀ ਕਰਮਚਾਰੀਆਂ ਨੇ ਤਨਖਾਹਾਂ ਵਿੱਚ ਡੀਸੀ ਰੇਟ ਵਧਾਉਣ ਦੀ ਮੰਗ ਲਈ ਸੈਕਟਰ-16 ਸਥਿਤ ਮੈਂਟੀਨੈਂਸ ਬੂਥ ਵਿੱਚ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਹੱਥਾਂ ਵਿੱਚ ਕਾਲ਼ੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਮਿਆਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਏਡੀਸੀ ਨੂੰ ਮੰਗ ਪੱਤਰ ਸੌਂਪਣ ’ਤੇ ਭਲਕੇ 11 ਜੁਲਾਈ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦਾ ਸਮਾਂ ਮਿਲਣ ਉਪਰੰਤ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।
ਰੋਸ ਪ੍ਰਦਰਸ਼ਨ ਵਿੱਚ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਸੁਰੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕੁਮਾਰ, ਸੁਖਬੀਰ ਸਿੰਘ, ਕੈਸ਼ੀਅਰ ਕਿਸ਼ੋਰੀ ਲਾਲ ਨੇ ਕਿਹਾ ਕਿ ਡੀਸੀ ਦਫ਼ਤਰ ਨੇ 10 ਜੂਨ ਤੱਕ ਸਾਰੇ ਵਿਭਾਗਾਂ ਤੋਂ ਗ੍ਰੇਡ-ਪੇਅ ਸਬੰਧੀ ਜਾਣਕਾਰੀ ਮੰਗੀ ਸੀ। ਉਹ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਡੀਸੀ ਦਰਾਂ ਜਾਰੀ ਨਹੀਂ ਕੀਤੀਆਂ ਗਈਆਂ।
ਉਨ੍ਹਾਂ ਮੰਗ ਕੀਤੀ ਕਿ ਰੇਟਾਂ ਵਿੱਚ ਬਿਨਾਂ ਦੇਰੀ ਤੋਂ ਵਾਧਾ ਕੀਤਾ ਜਾਵੇ ਅਤੇ ਕੋਆਰਡੀਨੇਸ਼ਨ ਕਮੇਟੀ ਨਾਲ ਹੋਈ ਚਰਚਾ ਅਨੁਸਾਰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ ਦੇ ਐਕਟ/ਨਿਯਮਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਅਨਿਲ ਕੁਮਾਰ, ਰਾਹੁਲ ਵੈਦ, ਜਗਮੋਹਨ ਸਿੰਘ, ਦਲਜੀਤ ਸਿੰਘ, ਨਰੇਸ਼ ਕੁਮਾਰ, ਵਰਿੰਦਰ ਬਿਸ਼ਟ, ਕ੍ਰਿਪਾਨ, ਸੁਖਵਿੰਦਰ ਸਿੰਘ, ਸ਼ਾਮ ਲਾਲ, ਵੀਰ ਸਿੰਘ, ਅਸ਼ੋਕ ਬੇਨੀਵਾਲ, ਵਿਕਰਮ ਕੁਮਾਰ, ਰਾਮ ਵੀਰ ਸ਼ੋਦਾਈ, ਦੇਵੇਂਦਰ ਸਿੰਘ, ਮੁਰਗੇਸ਼ਨ, ਚਰਨਜੀਤ ਸਿੰਘ, ਲਾਲ ਸਿੰਘ, ਸਲਿੰਦਰ ਸਿੰਘ, ਰਵੀਚੰਦਰ, ਤਿਲਕ ਬਹਾਦਰ ਸ਼ਾਹੂ, ਮਾਈਕਲ ਅਤੇ ਰਾਜਨ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।