DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਤੋਂ ਕਮਿਊਨਿਟੀ ਸੈਂਟਰ ਖਾਲੀ ਕਰਵਾਉਣ ਲਈ ਵਿਧਾਇਕ ਦਾ ਬੂਹਾ ਖੜਕਾਇਆ

ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 18 ਜੂਨ ਇੱਥੋਂ ਦੇ ਫੇਜ਼-11 ਦੇ ਵਸਨੀਕਾਂ ਨੇ ਪੁਲੀਸ ਵਿਭਾਗ ਤੋਂ ਕਮਿਊਨਿਟੀ ਸੈਂਟਰ ਖਾਲੀ ਕਰਵਾਉਣ ਲਈ ਵਿਧਾਇਕ ਕੁਲਵੰਤ ਸਿੰਘ ਦਾ ਬੂਹਾ ਖੜਕਾਇਆ ਹੈ। ਕਮਿਊਨਿਟੀ ਸੈਂਟਰ ’ਤੇ ਪੁਲੀਸ ਦਾ ਕਬਜ਼ਾ ਹੋਣ ਕਾਰਨ ਲੋਕ ਔਖੇ ਹਨ। ਕਮਾਂਡੋ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 18 ਜੂਨ

Advertisement

ਇੱਥੋਂ ਦੇ ਫੇਜ਼-11 ਦੇ ਵਸਨੀਕਾਂ ਨੇ ਪੁਲੀਸ ਵਿਭਾਗ ਤੋਂ ਕਮਿਊਨਿਟੀ ਸੈਂਟਰ ਖਾਲੀ ਕਰਵਾਉਣ ਲਈ ਵਿਧਾਇਕ ਕੁਲਵੰਤ ਸਿੰਘ ਦਾ ਬੂਹਾ ਖੜਕਾਇਆ ਹੈ। ਕਮਿਊਨਿਟੀ ਸੈਂਟਰ ’ਤੇ ਪੁਲੀਸ ਦਾ ਕਬਜ਼ਾ ਹੋਣ ਕਾਰਨ ਲੋਕ ਔਖੇ ਹਨ। ਕਮਾਂਡੋ ਫੋਰਸ ਇੱਥੇ ਹੀ ਆਪਣੇ ਵਾਹਨ ਖੜ੍ਹਾਉਂਦੇ ਹਨ ਅਤੇ ਖਾਣਾ ਬਣਾਉਂਦੇ ਹਨ। ਹੋਰ ਤਾਂ ਹੋਰ ਹੁਣ ਸਫ਼ਾਈ ਕਾਮਿਆਂ ਨੇ ਰੇਹੜੀਆਂ ਵੀ ਇੱਥੇ ਖੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਰੈਂਡਜ਼ ਸਪੋਰਟਸ ਤੇ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਅੱਜ ਕੈਪਟਨ ਕਰਨੈਲ ਸਿੰਘ, ਗੱਜਣ ਸਿੰਘ, ਸਵਰਨ ਲਤਾ, ਭਗਤ ਸਿੰਘ, ਰਣਜੀਤ ਸਿੰਘ, ਅਰਵਿੰਦਰਪਾਲ ਸਿੰਘ, ਰਣਜੀਤ ਸਿੰਘ ਢਿੱਲੋਂ, ਹਰਿੰਦਰਪਾਲ ਸਭਰਵਾਲ ਤੇ ਤੇਜਿੰਦਰ ਸਿੰਘ ਬਾਠ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਕਮਿਊਨਿਟੀ ਸੈਂਟਰ ਵਿੱਚ ਪੁਲੀਸ ਮੁਲਾਜ਼ਮ ਰਹਿ ਰਹੇ ਹਨ।

ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਸਰਕਾਰ ਨੇ ਕਰੀਬ 60 ਲੱਖ ਰੁਪਏ ਖ਼ਰਚ ਕਰ ਕੇ ਕਮਿਊਨਿਟੀ ਸੈਂਟਰ ਨੂੰ ਲੋਕਾਂ ਦੀ ਵਰਤੋਂ ਦੇ ਯੋਗ ਬਣਾਇਆ ਸੀ ਪਰ ਹੁਣ ਇੱਥੇ ਪੁਲੀਸ ਕਰਮਚਾਰੀਆਂ ਨੇ ਪੱਕਾ ਡੇਰਾ ਲਗਾ ਲਿਆ ਹੈ। ਇਸ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਇਸ ਖੇਤਰ ਵਿੱਚ ਜ਼ਿਆਦਾਤਰ ਗ਼ਰੀਬ ਤੇ ਮੱਧ ਵਰਗੀ ਲੋਕ ਰਹਿੰਦੇ ਹਨ, ਜੋ ਮਹਿੰਗੇ ਮੈਰਿਜ ਪੈਲੇਸਾਂ ਵਿੱਚ ਬੱਚਿਆਂ ਦੇ ਵਿਆਹ ਕਰਨ ਤੋਂ ਅਸਮਰੱਥ ਹਨ। ਪੁਲੀਸ ਫੋਰਸ ਰਹਿਣ ਕਾਰਨ ਹੁਣ ਲੋਕ ਬੁਕਿੰਗ ਕਰਵਾਉਣ ਤੋਂ ਵੀ ਕਤਰਾਉਣ ਲੱਗ ਪਏ ਹਨ। ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ਹੀ ’ਤੇ ਨਿਗਮ ਦੇ ਕਮਿਸ਼ਨਰ ਨੂੰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਹੈ।

ਉਧਰ, ਪੁਲੀਸ ਅਧਿਕਾਰੀ ਇਹ ਤਰਕ ਦੇ ਰਹੇ ਹਨ ਕਿ ਇੱਥੇ ਕਿਸੇ ਮੁਲਾਜ਼ਮ ਦੀ ਪੱਕੀ ਰਿਹਾਇਸ਼ ਨਹੀਂ ਹੈ ਬਲਕਿ ਐਮਰਜੈਂਸੀ ਅਤੇ ਵੀਵੀਆਈਪੀ ਡਿਊਟੀ ਲਈ ਬਾਹਰੋਂ ਆਉਂਦੀ ਫੋਰਸ ਲਈ ਹੀ ਆਰਜ਼ੀ ਤੌਰ ’ਤੇ ਕਮਿਊਨਿਟੀ ਸੈਂਟਰ ਨੂੰ ਵਰਤਿਆ ਜਾਂਦਾ ਹੈ।

ਫੋਰਸ ਲਈ ਵੱਖਰੇ ਪ੍ਰਬੰਧ ਕਰਨ ਦੀ ਮੰਗ

ਪੰਜਾਬ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ, ਇਹ ਸਿਰਫ਼ ਲੋਕਾਂ ਦੀ ਵਰਤੋਂ ਲਈ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਪੁਲੀਸ ਫੋਰਸ ਲਈ ਸਰਕਾਰੀ ਰਿਹਾਇਸ਼ੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਠੋਸ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਕਰਮਚਾਰੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

ਪੁਲੀਸ ਦਾ ਵੀ ਖ਼ਿਆਲ ਰੱਖਿਆ ਜਾਵੇ: ਰਿਆੜ

ਹਰਬੰਸ ਸਿੰਘ ਰਿਆੜ ਸੇਵਾਮੁਕਤ ਡੀਐੱਸਪੀ ਨੇ ਕਿਹਾ ਕਿ ਮੁਹਾਲੀ ਵਿੱਚ ਨਾ ਪੁਲੀਸ ਲਾਈਨ ਹੈ ਅਤੇ ਨਾ ਹੀ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਰਿਹਾਇਸ਼ ਦਾ ਪ੍ਰਬੰਧ ਹੈ, ਅਜਿਹੇ ਵਿੱਚ ਪੁਲੀਸ ਕਿੱਥੇ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸੁਵਿਧਾ ਦੇ ਨਾਲ-ਨਾਲ ਪੁਲੀਸ ਦਾ ਵੀ ਖ਼ਿਆਲ ਰੱਖਿਆ ਜਾਵੇ।

Advertisement
×