ਪਾਪੜੀ ਜ਼ਮੀਨ ਮਾਮਲਾ: ਬਲਬੀਰ ਸਿੱਧੂ ਤੇ ਕੁਲਵੰਤ ਸਿੰਘ ਆਹਮੋ-ਸਾਹਮਣੇ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 25 ਜੂਨ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਉੱਤੇ ਪਾਪੜੀ ਪਿੰਡ ਦੀ 46 ਕਨਾਲ, 7 ਮਰਲੇ ਪੰਚਾਇਤੀ ਜ਼ਮੀਨ, ਪੰਚਾਇਤ ਵਿਭਾਗ ਦੀ ਮਦਦ ਨਾਲ ਕੌਡੀਆਂ ਦੇ ਭਾਅ ਹਾਸਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਫੇਜ਼ ਪਹਿਲੇ ਦੇ ਪਾਰਟੀ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ 150 ਕਰੋੜ ਦੀ ਜ਼ਮੀਨ ਨੂੰ 18 ਕਰੋੜ ਵਿਚ ਵਿਕਣ ਤੋਂ ਰੋਕਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪਾਪੜੀ ਦੇ ਸਾਬਕਾ ਪੰਚ ਗੁਰਜੀਤ ਸਿੰਘ ਵੀ ਮੌਜੂਦ ਸਨ।
ਸ੍ਰੀ ਸਿੱਧੂ ਨੇ ਆਖਿਆ ਕਿ 2017 ਵਿਚ ਵਿਧਾਇਕ ਕੁਲਵੰਤ ਸਿੰਘ ਦੀ ਭਾਈਵਾਲੀ ਜੇਐੱਲਪੀਐੱਲ ਵੱਲੋਂ ਪਾਪੜੀ ਪਿੰਡ ਦੀ ਪੌਣੇ ਛੇ ਏਕੜ ਦੇ ਕਰੀਬ ਜ਼ਮੀਨ ਪੰਚਾਇਤ ਕੋਲੋਂ ਖ਼ਰੀਦੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੀ ਕੀਮਤ ਮਹਿਜ਼ ਤਿੰਨ ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਤੈਅ ਕੀਤੀ ਗਈ ਸੀ ਜਦੋਂਕਿ ਇਹ ਜ਼ਮੀਨ ਏਅਰਪੋਰਟ ਰੋਡ ਉੱਤੇ ਪੈਂਦੀ ਹੈ ਅਤੇ ਇਸ ਥਾਂ ਦੀ ਬਾਜ਼ਾਰੀ ਕੀਮਤ ਇਸ ਸਮੇਂ 25-30 ਕਰੋੜ ਹੈ। ਰਜਿਸਟਰੀ ਹੋਣ ਤੋਂ ਪਹਿਲਾਂ ਹੀ ਮਾਮਲਾ ਅਦਾਲਤ ਵਿਚ ਚਲਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਐੱਲਪੀਐੱਲ ਵੱਲੋਂ ਹੀ ਪਾਪੜੀ ਦੀ ਪੰਚਾਇਤੀ ਜ਼ਮੀਨ ਦਾ 15 ਕਨਾਲ 8 ਮਰਲੇ ਦਾ ਤਬਾਦਲਾ ਵੀ ਕੀਤਾ ਹੋਇਆ ਹੈ, ਜੋ ਨਿਯਮਾਂ ਨੂੰ ਉਲੰਘ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਚਾਂ ਦੇ ਜਾਅਲੀ ਹਸਤਾਖ਼ਰ ਕੀਤੇ ਗਏ ਸਨ ਅਤੇ ਇਸ ਮਾਮਲੇ ਵਿਚ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਤਬਾਦਲਾ ਰੱਦ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਨਿਯਮਾਂ ਅਨੁਸਾਰ ਸਰਕਾਰੀ ਜ਼ਮੀਨ ਦੀ ਤੈਅ ਹੋਈ ਕੀਮਤ ਛੇ ਮਹੀਨੇ ਬਾਅਦ ਰੱਦ ਹੋ ਜਾਂਦੀ ਹੈ, ਇਸ ਕਰ ਕੇ ਨਵੇਂ ਸਿਰਿਓਂ ਕੀਮਤ ਤੈਅ ਕੀਤੀ ਜਾਵੇ ਅਤੇ ਖੁੱਲੀ ਨਿਲਾਮੀ ਰਾਹੀਂ ਜ਼ਮੀਨ ਦੀ ਵਿੱਕਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਪਹਿਲਾਂ ਵਾਲੀ ਕੀਮਤ ’ਤੇ ਜ਼ਮੀਨ ਜੇਐੱਲਪੀਐੱਲ ਨੂੰ ਦਿੱਤੀ ਗਈ ਤਾਂ ਉਹ ਇਸ ਦਾ ਵਿਰੋਧ ਕਰਨਗੇ ਅਤੇ ਮਾਮਲੇ ਨੂੰ ਉਚੇਰੀ ਅਦਾਲਤ ਵਿੱਚ ਵੀ ਚੁਣੌਤੀ ਦੇਣਗੇ।
ਅਦਾਲਤੀ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ: ਸਰਪੰਚ
ਪਿੰਡ ਪਾਪੜੀ ਦੀ ਸਰਪੰਚ ਕੁਲਦੀਪ ਕੌਰ ਨੇ ਆਖਿਆ ਕਿ ਸਬੰਧਤ ਜ਼ਮੀਨ ਦੇ ਮਾਮਲੇ ਸਬੰਧੀ ਅਦਾਲਤ ਵੱਲੋਂ ਜੋ ਵੀ ਫ਼ੈਸਲਾ ਦਿੱਤਾ ਜਾਵੇਗਾ, ਪੰਚਾਇਤ ਉਸ ਦੀ ਪਾਲਣਾ ਕਰੇਗੀ।
ਸਿੱਧੂ ਵੱਲੋਂ ਲਾਏ ਦੋਸ਼ ਬੇਬੁਨਿਆਦ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਸ੍ਰੀ ਸਿੱਧੂ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪਾਪੜੀ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਵਸਨੀਕਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਬਲਬੀਰ ਸਿੱਧੂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ 2017 ਵਿਚ ਜਦੋਂ ਤਤਕਾਲੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠਲੀ ਕਮੇਟੀ ਵੱਲੋਂ ਪਾਪੜੀ ਦੀ ਜ਼ਮੀਨ ਦਾ ਰੇਟ ਤਿੰਨ ਕਰੋੜ ਪ੍ਰਤੀ ਏਕੜ ਤੈਅ ਕੀਤਾ ਗਿਆ ਸੀ, ਉਦੋਂ ਮਾਰਕੀਟ ਵਿੱਚ ਰੇਟ ਢਾਈ ਕਰੋੜ ਪ੍ਰਤੀ ਏਕੜ ਸੀ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਨੇ ਆਪਣੇ ਬੰਦਿਆਂ ਕੋਲੋਂ ਅਦਾਲਤ ਵਿੱਚ ਕੇਸ ਕਰਵਾਇਆ, ਜਿਸ ਨਾਲ ਸਟੇਅ ਹੋ ਗਈ ਅਤੇ ਹੁਣ ਕੇਸ ਵਿਭਾਗ ਦੇ ਹੱਕ ਵਿੱਚ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਜ਼ਮੀਨ ਉੱਤੇ ਕੋਈ ਕਬਜ਼ਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਅਦਾਲਤ ਜੋ ਵੀ ਨਿਰਦੇਸ਼ ਕਰੇਗੀ, ਜੇਐਲਪੀਐਲ ਉਸ ਅਨੁਸਾਰ ਜ਼ਮੀਨ ਦਾ ਮੁੱਲ ਅਦਾ ਕਰ ਦੇਵੇਗੀ।