ਪੀਜੀਆਈ ’ਚ ਨਰਸਿੰਗ ਸਟਾਫ ਦਾ ਪ੍ਰਦਰਸ਼ਨ ਜਾਰੀ
ਪੀਜੀਆਈ ਚੰਡੀਗੜ੍ਹ ਵਿੱਚ ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ੁਰੂ ਕੀਤੇ ਗਏ ਸੰਘਰਸ਼ ਦੇ ਤਹਿਤ ਅੱਜ ਦੂਜੇ ਦਿਨ ਵੀ ਕੈਰੋਂ ਬਲਾਕ ਵਿੱਚ ਡਾਇਰੈਕਟਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨ ਕਰਦਿਆਂ ਨਰਸਾਂ ਨੇ ਡਾਇਰੈਕਟਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੰਬੇ ਸਮੇਂ ਤੋਂ ਚੱਲ ਰਹੇ ਕੇਡਰ ਨਾਲ ਸਬੰਧਤ ਮੁੱਦਿਆਂ, ਬਕਾਇਆ ਤਰੱਕੀਆਂ ਅਤੇ ਡਿਊਟੀ ਸਥਾਨ ਸੁਧਾਰਾਂ ਦੇ ਤੁਰੰਤ ਹੱਲ ਲਈ ਜ਼ੋਰ ਪਾਇਆ।
ਐਸੋਸੀਏਸ਼ਨ ਦੇ ਪ੍ਰਧਾਨ ਮੰਜਨੀਕ ਨੇ ਕਿਹਾ ਕਿ ਪੂਰਾ ਨਰਸਿੰਗ ਸਟਾਫ਼ ਆਪਣੀਆਂ ਮੰਗਾਂ ਮਨਵਾਉਣ ਲਈ ਪ੍ਰਸ਼ਾਸਨ ਨਾਲ ਗੱਲਬਾਤ ਲਈ ਤਿਆਰ ਹੈ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸੁਹਿਰਦ ਗੱਲਬਾਤ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਨਿਬੇੜੇ ਦਾ ਰਾਹ ਪੱਧਰਾ ਕਰ ਸਕਦੀ ਹੈ। ਪਰ ਇਹ ਨਿਰਾਸ਼ਾਜਨਕ ਹੈ ਕਿ ਕਈ ਸਾਲਾਂ ਤੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਕੋਈ ਠੋਸ ਨਤੀਜੇ ਨਹੀਂ ਨਿਕਲੇ। ਇਸ ਦੇ ਚੱਲਦਿਆਂ ਐਸੋਸੀਏਸ਼ਨ ਦਾ ਪ੍ਰਸ਼ਾਸਨ ਵਿੱਚ ਵਿਸ਼ਵਾਸ ਲਗਾਤਾਰ ਘਟਦਾ ਜਾ ਰਿਹਾ ਹੈ। ਹੁਣ ਉਹ ਕੋਈ ਵੀ ਝੂਠਾ ਲਾਰਾ ਜਾਂ ਭਰੋਸਾ ਨਹੀਂ ਚਾਹੁੰਦੇ ਬਲਕਿ ਬਿਲਕੁਲ ਠੋਸ ਨਤੀਜੇ ਚਾਹੁੰਦੇ ਹਨ। ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਜੇ ਪੀਜੀਆਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਜਵਾਬ ਨਹੀਂ ਮਿਲਦਾ ਤਾਂ ਵਿਰੋਧ ਪ੍ਰਦਰਸ਼ਨ 23 ਜੁਲਾਈ ਨੂੰ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਦੇਖ-ਭਾਲ ਜਾਂ ਕੰਮ-ਕਾਜ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ।
ਮੈਡੀਕਲ ਸੁਪਰਡੈਂਟ ਨਾਲ ਮੀਟਿੰਗ ਬੇਸਿੱਟਾ
ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਮੈਡੀਕਲ ਸੁਪਰਡੈਂਟ ਦੀ ਪ੍ਰਧਾਨਗੀ ਹੇਠ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਐਸੋਸੀਏਸ਼ਨ ਅਹੁਦੇਦਾਰਾਂ ਦੀ ਮੀਟਿੰਗ ਹੋਈ ਪਰ ਡਾਇਰੈਕਟਰ ਪੀਜੀਆਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਮੀਟਿੰਗ ਵਿੱਚ ਫਿਰ ਉਹੀ ਪੁਰਾਣੇ ਭਰੋਸਿਆਂ ਅਤੇ ਲਾਰਿਆਂ ਤੋਂ ਸਿਵਾਏ ਕੁਝ ਪੱਲੇ ਨਹੀਂ ਪਿਆ ਅਤੇ ਕੁੱਲ ਮਿਲਾ ਕੇ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ।