ਆਤਿਸ਼ ਗੁਪਤਾ
ਚੰਡੀਗੜ੍ਹ, 17 ਅਪਰੈਲ
ਇੱਥੋਂ ਦੇ ਸੈਕਟਰ-53 ਤੇ 54 ਵਾਲੀ ਸੜਕ ’ਤੇ ਸਥਿਤ ਫਰਨੀਚਰ ਮਾਰਕੀਟ ਅਤੇ ਧਨਾਸ ਵਿਖੇ ਸਥਿਤ ਮਾਰਬਲ ਮਾਰਕੀਟ ਨੂੰ ਸੈਕਟਰ-56 ਵਿੱਚ ਸ਼ਿਫਟ ਕਰਨ ਵਿੱਚ ਡੇਢ ਤੋਂ ਦੋ ਮਹੀਨੇ ਦੀ ਹੋਰ ਦੇਰੀ ਹੋਣ ਦੀ ਸੰਭਾਵਣਾ ਜਤਾਈ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਨੂੰ ਸੈਕਟਰ-56 ਵਿਖੇ ਨਵੀਂ ਮਾਰਕੀਟ ਦੀ ਉਸਾਰੀ ਤੋਂ ਪਹਿਲਾਂ ਵਾਤਾਵਰਨ ਵਿਭਾਗ ਤੋਂ ਪ੍ਰਵਾਨਗੀ ਲੈਣਾ ਲਾਜ਼ਮੀ ਹੋਵੇਗਾ। ਇਸ ਪ੍ਰਵਾਨਗੀ ਨੂੰ ਹਾਲੇ ਇਕ ਤੋਂ ਡੇਢ ਮਹੀਨਾ ਹੋਰ ਲੱਗ ਸਕਦਾ ਹੈ, ਕਿਉਂਕਿ ਯੂਟੀ ਪ੍ਰਸ਼ਾਸਨ ਨੂੰ ਪ੍ਰਵਾਨਗੀ ਲੈਣ ਤੋਂ ਪਹਿਲਾਂ ਵਾਤਾਵਰਣ ਨਿਯਮਾਂ ਦੀ ਪਾਲਣਾ ਯਕੀਨੀ ਕਰਨੀ ਪਵੇਗੀ। ਪਰ ਸੈਕਟਰ-56 ਵਿੱਚ ਮਾਰਕੀਟ ਦੀ ਉਸਾਰੀ ਤੋਂ ਪਹਿਲਾਂ 340 ਦੇ ਕਰੀਬ ਦਰੱਖਤ ਵੱਡਣੇ ਪੈ ਸਕਦੇ ਹਨ, ਜਿਸ ਵਿੱਚੋਂ ਤਿੰਨ ਦਰਜਨ ਦੇ ਕਰੀਬ ਸੁੱਕੇ ਹੋਏ ਦਰੱਖਤ ਵੀ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-56 ਵਿਖੇ ਮਾਰਬਲ ਮਾਰਕੀਟ ਧਨਾਸ ਨੂੰ ਸ਼ਿਫਟ ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਉਸ ਤੋਂ ਬਾਅਦ ਸੈਕਟਰ-53 ਤੇ 54 ਵਾਲੀ ਸੜਕ ’ਤੇ ਸਥਿਤ ਫਰਨੀਚਰ ਮਾਰਕੀਟ ਨੂੰ ਵੀ ਉਸੇ ਥਾਂ ’ਤੇ ਸ਼ਿਫਟ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-56 ਵਿਖੇ 44 ਏਕੜ ਜ਼ਮੀਨ ’ਤੇ 20 ਕਰੋੜ ਰੁਪਏ ਦੀ ਲਾਗਤ ਨਾਲ ਥੋਕ ਮਾਰਕੀਟ ਵਿਕਸਿਤ ਕੀਤੀ ਜਾ ਰਹੀ ਹੈ। ਜਿੱਥੇ ਇਕ ਕਨਾਲ ਦੇ 191 ਪਲਾਟ ਤੇ 48 ਬੂਥ ਬਣਾਏ ਜਾਣਗੇ। ਇਸ ਥਾਂ ’ਤੇ ਇਕ ਕਨਾਲ ਵਾਲੀ ਪਲਾਟ ਵਿੱਚ ਇਕ ਬੇਸਮੈਂਟ ਤੇ ਤਿੰਨ ਮੰਜ਼ਿਲਾ ਇਮਾਰਤ ਦੀ ਉਸਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਯੂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਈ-ਨਿਲਾਮੀ ਜਲਦੀ ਹੀ ਕੀਤੀ ਜਾਵੇਗੀ। ਇਸ ਨਿਲਾਮੀ ਵਿੱਚ ਹੋਰ ਕਾਰੋਬਾਰਾਂ ਦੇ ਵਪਾਰੀ ਵੀ ਬੋਲੀ ਲਗਾਉਣ ਦੇ ਯੋਗ ਹੋਣਗੇ, ਜਿਸ ਨਾਲ ਮਾਰਕੀਟ ਸਿਰਫ਼ ਫਰਨੀਚਰ ਅਤੇ ਮਾਰਬਲ ਮਾਰਕੀਟ ਦੇ ਕਾਰੋਬਾਰਾਂ ਦੀ ਬਜਾਏ ਕਈ ਵਪਾਰਾਂ ਲਈ ਹੋ ਜਾਵੇਗੀ।