ਜਾਇਦਾਦਾਂ ਫਰੀਹੋਲਡ ਕਰਨ ਦਾ ਮੁੱਦਾ: ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ
ਆਤਿਸ਼ ਗੁਪਤਾ
ਚੰਡੀਗੜ੍ਹ, 23 ਜੂਨ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲੀਜ਼ਹੋਲਡ ਤੋਂ ਫਰੀਹੋਲਡ ਵਿੱਚ ਤਬਦੀਲ ਕਰਨ ਦੇ ਮਾਮਲੇ ’ਤੇ ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ, ਜਿਨ੍ਹਾਂ ਵੱਲੋਂ ਇਕ-ਦੂਜੇ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਚੰਡੀਗੜ੍ਹ ਵਿੱਚ ਲੀਜ਼ਹੋਲਡ ਦੀਆਂ ਦਾਇਦਾਦਾਂ ਨੂੰ ਫਰੀਹੋਲਡ ਵਿੱਚ ਤਬਦੀਲ ਕਰਨ ਦੀ ਫੀਸ ’ਚ ਵਾਧਾ ਕਰਨ ਦੀ ਵਿਰੋਧ ਕੀਤਾ ਅਤੇ ਇਸ ਨੂੰ ਲੋਕ ਵਿਰੋਧੀ ਤੇ ਲੋਕਾਂ ਦੀ ਜੇਬ੍ਹਾਂ ’ਤੇ ਵਾਧੂ ਦਾ ਬੋਝ ਪਾਉਣ ਵਾਲਾ ਫ਼ੈਸਲਾ ਕਰਾਰ ਦਿੱਤਾ ਹੈ। ਸ੍ਰੀ ਲੱਕੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ, ਪਾਣੀ ਦੇ ਬਿੱਲ, ਬਿਜਲੀ ਦੇ ਬਿੱਲ ਤੇ ਹੋਰਨਾਂ ਬਿੱਲਾਂ ਵਿੱਚ ਮਨ-ਮਰਜ਼ੀ ਨਾਲ ਵਾਧਾ ਕਰਕੇ ਸ਼ਹਿਰ ਵਾਸੀਆਂ ’ਤੇ ਵਾਧੂ ਦੇ ਬੋਝ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਪਹਿਲਾਂ ਹੀ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਅਜਿਹੇ ਹਾਲਾਤ ਵਿੱਚ ਲੀਜ਼ਹੋਲਡ ਪ੍ਰਾਪਰਟੀ ਦੇ ਫਰੀਹੋਲਡ ਕਰਵਾਉਣ ਲਈ ਪੈਣ ਵਾਲੇ ਵਾਧੂ ਬੋਝ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋ ਵੱਧ ਜਾਣਗੀਆਂ। ਚੰਡੀਗੜ੍ਹ ਕਾਂਗਰਸ ਨੇ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਵੱਲੋਂ ਲੀਜ਼ਹੋਲਡ ਪ੍ਰਾਪਰਟੀ ਨੂੰ ਫਰੀਹੋਲਡ ਕਰਨ ਲਈ ਵਧਾਈ ਗਈ ਫੀਸ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ।
ਕਾਂਗਰਸ ਪ੍ਰਧਾਨ ਨੇ ਸ਼ਹਿਰ ਵਿੱਚ ਵਪਾਰਕ ਲੀਜ਼ਹੋਲਡ ਵਾਲੀਆਂ ਪ੍ਰਾਪਰਟੀਆਂ ਨੂੰ ਫਰੀਹੋਲਡ ਵਿੱਚ ਤਬਦੀਲ ਕਰਨ ਵਾਲੇ ਖਰਚਿਆਂ ਨੂੰ ਕਲੈਕਟਰ ਰੇਟ ਨਾਲ ਜੋੜੇ ਜਾਣ ਦਾ ਵੀ ਵਿਰੋਧ ਕੀਤਾ ਹੈ।
ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਾਂਗਰਸ: ਭਾਜਪਾ
ਚੰਡੀਗੜ੍ਹ ਭਾਜਪਾ ਦੇ ਮੀਡੀਆ ਇੰਚਾਰਜ ਸੰਜੀਵ ਰਾਣਾ ਨੇ ਕਿਹਾ ਕਿ ਕਾਂਗਰਸ ਸ਼ਹਿਰ ’ਚ ਰਾਜਸੀ ਲਾਹਾ ਲੈਣ ਲਈ ਝੂਠ ਬੋਲ ਕੇ ਲੋਕਾਂ ਨੂੰ `ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਹਨ, ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਹੁਣ ਪ੍ਰਸ਼ਾਸਨ ਨਾਲ ਜੁੜੀਆਂ ਮੀਟਿੰਗਾਂ ਵਿੱਚ ਉਹ ਹੀ ਸ਼ਾਮਲ ਹੁੰਦੇ ਹਨ। ਇਸ ਲਈ ਸ੍ਰੀ ਤਿਵਾੜੀ ਨੂੰ ਪ੍ਰਸ਼ਾਸਨ ਦੇ ਅਜਿਹੇ ਫੈਸਲਿਆਂ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਸੀ। ਰਾਣਾ ਨੇ ਕਿਹਾ ਕਿ ਜਦੋਂ ਤੋਂ ਚੰਡੀਗੜ੍ਹ ’ਚ ਕਾਂਗਰਸ ਨੇ ਐਮ.ਪੀ. ਦੀ ਸੀਟ ਜਿੱਤੀ ਹੈ, ਉਸ ਤੋਂ ਬਾਅਦ ਕਈ ਕਾਲੋਨੀਆਂ ’ਤੇ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਵਧੀ ਹੈ ਅਤੇ ਲੋਕ ਆਪਣੇ ਹੱਕਾਂ ਲਈ ਸੜਕਾਂ ’ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਹਿਤ ’ਚ ਨੀਤੀਆਂ ਬਣਾ ਰਹੀ ਹੈ, ਜਦਕਿ ਕਾਂਗਰਸ ਸਿਰਫ਼ ਸਿਆਸੀ ਨਾਟਕ ਕਰ ਰਹੀ ਹੈ।