ਹਾਊਸਿੰਗ ਬੋਰਡ ਤੇ ਦਸਹਿਰਾ ਗਰਾਊਂਡ ’ਚ ਵਪਾਰਕ ਸਮਾਗਮਾਂ ਨੂੰ ਮਨਜ਼ੂਰੀ
ਕੁਲਦੀਪ ਸਿੰਘ
ਚੰਡੀਗੜ੍ਹ, 23 ਜੂਨ
ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐੱਫ ਐਂਡ ਸੀ.ਸੀ.) ਦੀ 353ਵੀਂ ਮੀਟਿੰਗ ਅੱਜ ਇੱਥੇ ਸ਼ਹਿਰ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈ.ਏ.ਐੱਸ. ਅਤੇ ਕਮੇਟੀ ਦੇ ਹੋਰ ਕੌਂਸਲਰ ਮੈਂਬਰ ਸੌਰਭ ਜੋਸ਼ੀ, ਜਸਮਨਪ੍ਰੀਤ ਸਿੰਘ, ਸੁਮਨ ਦੇਵੀ ਅਤੇ ਨਿਗਮ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਕਮੇਟੀ ਨੇ ਹਾਊਸਿੰਗ ਬੋਰਡ ਗਰਾਊਂਡ, ਮਨੀਮਾਜਰਾ ਦੇ ਦਸਹਿਰਾ ਗਰਾਊਂਡ ਨੂੰ ਵਪਾਰਕ ਸਮਾਗਮਾਂ ਵਾਸਤੇ ਬੁਕਿੰਗ ਸਬੰਧੀ ਏਜੰਡਾ ਆਈਟਮ ਨੂੰ ਮਨਜ਼ੂਰੀ ਦੇ ਦਿੱਤੀ। ਇਹ ਏਜੰਡਾ ਵਪਾਰਕ ਸਮਾਗਮਾਂ ਵਾਸਤੇ ਪ੍ਰਾਪਤ ਹੋਈਆਂ ਦੋ ਅਰਜ਼ੀਆਂ ਦੇ ਮੱਦੇਨਜ਼ਰ ਰੱਖਿਆ ਗਿਆ ਸੀ।
ਪ੍ਰਚਲਿਤ ਪ੍ਰਥਾ ਦੇ ਅਨੁਸਾਰ ਅੰਤਿਮ ਰੂਪ ਦਿੱਤੇ ਗਏ ਨੀਤੀ ਦਿਸ਼ਾ-ਨਿਰਦੇਸ਼ਾਂ ਦੀ ਅਣਹੋਂਦ ਵਿੱਚ ਵਪਾਰਕ ਗਰਾਊਂਡਾਂ ਦੀ ਬੁਕਿੰਗ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਮਤਲਬ ਇਹ ਕਿ ਜਿਹੜੀ ਪਾਰਟੀ ਨੇ ਬੁਕਿੰਗ ਵਾਸਤੇ ਪਹਿਲਾਂ ਅਪਲਾਈ ਕੀਤਾ ਹੋਇਆ ਹੋਵੇਗਾ, ਉਸ ਨੂੰ ਹੀ ਪਹਿਲ ਦਿੱਤੀ ਜਾਵੇਗੀ।
ਇਸ ਅਨੁਸਾਰ ਐੱਫ ਐਂਡ ਸੀਸੀ ਨੇ 28 ਜੁਲਾਈ ਤੋਂ 24 ਅਗਸਤ 2025 ਤੱਕ ਹਾਊਸਿੰਗ ਬੋਰਡ ਗਰਾਊਂਡ, ਮਨੀਮਾਜਰਾ ਦੀ ਬੁਕਿੰਗ (28 ਦਿਨਾਂ) ਲਈ ਸ੍ਰੀ ਅਲੰਕੇਸ਼ਵਰ ਭਾਸਕਰ, ਐਪੈਕਸ ਇੰਟਰਨੈਸ਼ਨਲ ਨੂੰ ਲਾਗੂ ਦਰਾਂ ਅਤੇ ਸ਼ਰਤਾਂ ਅਨੁਸਾਰ ਭੁਗਤਾਨ ਦੇ ਆਧਾਰ ’ਤੇ ਮਨਜ਼ੂਰੀ ਦੇ ਦਿੱਤੀ।
ਕਮੇਟੀ ਨੇ ਇਹ ਵੀ ਨੋਟ ਕੀਤਾ ਕਿ ਹਾਊਸਿੰਗ ਬੋਰਡ ਗਰਾਊਂਡ, ਮਨੀਮਾਜਰਾ ਅਤੇ ਸਰਕਸ ਗਰਾਊਂਡ, ਸੈਕਟਰ-17 ਵਰਗੇ ਵਪਾਰਕ ਗਰਾਊਂਡਾਂ ਦੀ ਬੁਕਿੰਗ ਲਈ ਨੀਤੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮ ਅਤੇ ਸ਼ਰਤਾਂ ਨੂੰ ਕੌਂਸਲਰਾਂ ਦੀ ਇੱਕ ਕਮੇਟੀ ਵੱਲੋਂ ਅੰਤਿਮ ਰੂਪ ਦਿੱਤੇ ਜਾ ਰਹੇ ਹਨ। ਜਦੋਂ ਤੱਕ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ‘ਪਹਿਲਾਂ ਆਓ-ਪਹਿਲਾਂ ਪਾਓ’ ਅਧਾਰਿਤ ਮੌਜੂਦਾ ਪ੍ਰਕਿਰਿਆ ਲਾਗੂ ਰਹੇਗੀ।