ਚੋਰੀ ਦੇ ਮਾਮਲਿਆਂ ’ਚ ਚਾਰ ਕਾਬੂ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 18 ਜੂਨ
ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲੀਸ ਨੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਰਾਹਗੀਰਾਂ ਦੀ ਲੁੱਟ-ਖੋਹ ਤੇ ਚੋਰੀਆਂ ਕਰਨ ਦੇ ਮਾਮਲਿਆਂ ਵਿੱਚ ਚਾਰ ਪਰਵਾਸੀਆਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤੇ ਹਨ। ਐੱਸਪੀ ਮੋਹਿਤ ਅਗਰਵਾਲ ਤੇ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਅਮਨਦੀਪ ਤਿਰਕਾ ਨੇ ਦੱਸਿਆ ਕਿ ਈਕੋ ਸਿਟੀ ਦੋ ਵਿੱਚ ਅਤੇ ਐਲਟਸ ਕੰਪਨੀ ਵਿੱਚ ਛੇ ਅਤੇ 11 ਜੂਨ ਨੂੰ ਸੋਨੇ ਦੀ ਚੇਨ ਸਣੇ ਵਾਲੀਆਂ ਖੋਹਣ ਦੇ ਮਾਮਲੇ ਵਿੱਚ ਮੁਲਜ਼ਮ ਮੋਹਨ ਗਿਰੀ ਤੇ ਵਿੱਕੀ (ਉੱਤਰ ਪ੍ਰਦੇਸ਼) ਨੂੰ ਕਾਬੂ ਕੀਤਾ ਸੀ। ਇਸੇ ਤਰ੍ਹਾਂ 15 ਜੂਨ ਨੂੰ ਸੋਨੇ ਦੀਆਂ ਵਾਲੀਆਂ ਖੋਹਣ ਦੇ ਮਾਮਲੇ ਵਿੱਚ ਸੰਤੋਸ਼ ਕੁਮਾਰ ਅਤੇ ਲਲਿਤ ਕੁਮਾਰ ਦੋਵੇਂ ਮੂਲ ਵਾਸੀ ਉੱਤਰ ਪ੍ਰਦੇਸ਼ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਵਾਰਦਾਤਾਂ ਸਮੇਂ ਖੋਹੀਆਂ ਹੋਈਆਂ ਸੋਨੇ ਦੀਆਂ ਚੇਨਾਂ, ਵਾਲੀਆਂ, ਚੋਰੀ ਕੀਤਾ ਮੋਟਰਸਾਈਕਲ, ਇੱਕ ਸਕੂਟਰ ਅਤੇ ਵਾਰਦਾਤ ਲਈ ਵਰਤਿਆ ਆਟੋ ਆਦਿ ਵੀ ਬਰਾਮਦ ਕੀਤਾ ਹੈ। ਜਾਂਚ ਅਫ਼ਸਰ ਏਐੱਸਆਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਚਾਰਾਂ ਮੁਲਜ਼ਮਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਇਲਾਕਾ ਮੈਜਿਸਟਰੇਟ ਸਾਹਮਣੇ ਪੇਸ਼ ਕਰ ਕੇ ਡੂੰਘਾਈ ਨਾਲ ਹੋਰ ਪੁੱਛ-ਪੜਤਾਲ ਕਰਨ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।