ਆਈਪੀਐੱਲ ਮੈਚਾਂ ’ਤੇ ਸੱਟਾ ਲਗਾਉਣ ਵਾਲੇ ਚਾਰ ਕਾਬੂ
ਆਤਿਸ਼ ਗੁਪਤਾ
ਚੰਡੀਗੜ੍ਹ, 27 ਮਈ
ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਆਈਪੀਐੱਲ ਮੈਚਾਂ ’ਤੇ ਸੱਟਾ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਤੋਂ 43 ਮੋਬਾਈਲ ਫੋਨ, ਛੇ ਲੈਪਟਾਪ, ਦੋ ਟੈਬਲੇਟ, ਐੱਲਈਡੀ, ਦੋ ਵਾਈਫਾਈ ਰਾਊਟਰ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਹਰਦੀਪ ਸਿੰਘ, ਸੰਤੋਸ਼ ਅਤੇ ਭੁਵਨ ਵਾਸੀ ਸੈਕਟਰ-33 ਚੰਡੀਗੜ੍ਹ ਅਤੇ ਦੀਪਕ ਵਾਸੀ ਸੈਕਟਰ-20 ਪੰਚਕੂਲਾ ਸ਼ਾਮਲ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਪੰਜਾਬ ਕਿੰਗਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਚੱਲ ਰਹੇ ਮੈਚ ’ਤੇ ਸੱਟਾ ਲਗਾ ਰਹੇ ਸਨ।
ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਸੈਕਟਰ-33 ਵਿੱਚ ਇੱਕ ਕੋਠੀ ਕਿਰਾਏ ’ਤੇ ਲਈ ਹੋਈ ਸੀ, ਜਿੱਥੋਂ ਆਈਪੀਐੱਲ ਮੈਚਾਂ ’ਤੇ ਸੱਟਾ ਲਗਾਉਂਦੇ ਸਨ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਛਾਪਾ ਮਾਰਿਆਂ ਅਤੇ ਚਾਰਾਂ ਮੁਲਜ਼ਮਾਂ ਨੂੰ ਸੱਟਾ ਲਗਾਉਂਦਿਆ ਕਾਬੂ ਕੀਤਾ ਹੈ। ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਦੇ ਦੁਬਈ ਤੱਕ ਲਿੰਕ ਸਨ ਅਤੇ ਉਹ ਰੋਜ਼ਾਨਾਂ ਲੱਖਾਂ ਰੁਪਏ ਦਾ ਸੱਟਾ ਲਗਵਾਉਂਦੇ ਸਨ। ਪੁਲੀਸ ਨੂੰ ਪਤਾ ਲੱਗਿਆ ਕਿ ਚਾਰੇ ਨੌਜਵਾਨ ਚੰਡੀਗੜ੍ਹ ਵਿੱਚ ਬੈਠ ਕੇ ਦੇਸ਼ ਭਰ ਵਿੱਚ ਸੱਟੇ ਦਾ ਕਾਰੋਬਾਰ ਚਲਾ ਰਹੇ ਸਨ। ਇਨ੍ਹਾਂ ਕੋਲ ਲਾਈਵ ਟੈਲੀਕਾਸਟ ਤੋਂ ਪਹਿਲਾਂ ਹੀ ਮੈਚ ਦੀ ਜਾਣਕਾਰੀ ਮਿਲ ਜਾਂਦੀ ਸੀ, ਜਿਸ ਦੇ ਆਧਾਰ ’ਤੇ ਹੀ ਉਹ ਹਰ ਬਾਲ ’ਤੇ ਸੱਟਾ ਲਗਾਉਂਦੇ ਸਨ। ਚੰਡੀਗੜ੍ਹ ਪੁਲੀਸ ਨੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਹੋਰ ਵੀ ਕਈ ਵੱਡੇ ਮਗਰਮੱਛ ਹੱਥ ਲੱਗ ਸਕਦੇ ਹਨ। ਚੰਡੀਗੜ੍ਹ ਪੁਲੀਸ ਨੇ ਵੱਖ-ਵੱਖ ਟੀਮਾਂ ਤਿਆਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।