ਚੰਡੀਗੜ੍ਹ ਤੋਂ ਝੁੱਗੀਆਂ ਹਟਾਉਣ ਮਗਰੋਂ ਮੁਹਾਲੀ ’ਚ ਨਾਜਾਇਜ਼ ਕਬਜ਼ੇ ਦਾ ਖ਼ਦਸ਼ਾ: ਬੇਦੀ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 23 ਜੂਨ
ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਿਚ ਵਧ ਰਹੀਆਂ ਝੁੱਗੀਆਂ ਅਤੇ ਇਸ ਨਾਲ ਪੈ ਰਹੇ ਬੁਨਅਿਾਦੀ ਢਾਂਚੇ ’ਤੇ ਪੈ ਰਹੇ ਦਬਾਅ ਸਬੰਧੀ ਮੁਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕੋਈ ਅਸਰਦਾਰ ਕਾਰਵਾਈ ਨਾ ਹੋਈ ਤਾਂ ਸ਼ਹਿਰ ਵਿਚ ਕਾਨੂੰਨ ਵਿਵਸਥਾ ਦਾ ਗੰਭੀਰ ਸੰਕਟ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਸਖਤ ਕਾਰਵਾਈਆਂ ਕਰ ਰਿਹਾ ਹੈ, ਉੱਥੇ ਮੁਹਾਲੀ ਪ੍ਰਸ਼ਾਸਨ ਇਸ ਪੱਖੋਂ ਬੇਹੱਦ ਸੁਸਤ ਅਤੇ ਬੇਪ੍ਰਵਾਹ ਹੈੈੈ। ਡਿਪਟੀ ਮੇਅਰ ਨੇ ਦੱਸਿਆ ਕਿ ਹਾਲ ਹੀ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫੇਜ਼ 2 ਲਾਗੇ ਦੀਆਂ ਗੈਰਕਾਨੂੰਨੀ ਝੁੱਗੀਆਂ ’ਤੇ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਝੁੱਗੀ ਵਾਸੀਆਂ ਨੇ ਮੁਹਾਲੀ ਦੀਆਂ ਕਈ ਕਲੋਨੀਆਂ ਜਿਵੇਂ ਕਿ ਅੰਬ ਸਾਹਿਬ ਕਾਲੋਨੀ, ਊਧਮ ਸਿੰਘ ਕਲੋਨੀ, ਜਗਤਪੁਰਾ, ਬੜਮਾਜਰਾ ਆਦਿ ਇਲਾਕਿਆਂ ਵੱਲ ਰੁਖ ਕਰ ਲਿਆ ਹੈ। ਸ੍ਰੀ ਬੇਦੀ ਨੇ ਮੰਗ ਕੀਤੀ ਕਿ ਮੁਹਾਲੀ ਦੀਆਂ ਸਾਰੀਆਂ ਝੁੱਗੀ-ਬਸਤੀਆਂ ਦਾ ਤੁਰੰਤ ਸਰਵੇ ਕਰਾਇਆ ਜਾਵੇ, ਨਵੇਂ ਝੁੱਗੀ ਵਾਸੀਆਂ ਦੀ ਪੁਲੀਸ ਰਾਹੀਂ ਜਾਂਚ ਕਰਵਾਈ ਜਾਵੇ, ਨਵੀਆਂ ਝੁੱਗੀਆਂ ਵੱਸਣ ਤੋਂ ਰੋਕਣ ਲਈ ਢਾਂਚਾਗਤ ਰੋਕਥਾਮ ਕੀਤੀ ਜਾਵੇ, ਗਮਾਡਾ ਅਤੇ ਨਗਰ ਪ੍ਰਸ਼ਾਸਨ ਵੱਲੋਂ ਨਿਗਰਾਨੀ ਸਖ਼ਤ ਕਰਨ ਅਤੇ ਝੁੱਗੀ ਵਾਸੀਆਂ ਦੀ ਪੁਨਰਵਾਸ ਨੀਤੀ ਬਾਰੇ ਯੋਜਨਾ ਤਿਆਰ ਕਰਕੇ, ਲੋੜਵੰਦਾਂ ਲਈ ਕਾਨੂੰਨੀ ਰਿਹਾਇਸ਼ ਦਾ ਪ੍ਰਬੰਧ ਕਰਨ ਕੀਤਾ ਜਾਵੇ।