ਕਿਸਾਨਾਂ ਨੇ ਭਾਜਪਾ ਆਗੂ ਸੈਣੀ ਨੂੰ ਮੰਗ ਪੱਤਰ ਦਿੱਤਾ
ਹਰਜੀਤ ਸਿੰਘ
ਡੇਰਾਬੱਸੀ, 1 ਜੁਲਾਈ
ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਇਲਾਕੇ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਆਪਣੀ ਸਮੱਸਿਆਵਾਂ ਦੱਸੀਆਂ ਤੇ ਸ੍ਰੀ ਸੈਣੀ ਨੇ ਇਨ੍ਹਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਉਹ ਆਪਣੀ ਫ਼ਸਲ ਹਰਿਆਣਾ ਦੀ ਮੰਡੀਆਂ ਵਿੱਚ ਵੇਚਣਾ ਚਾਹੁੰਦੇ ਹਨ ਕਿਉਂਕਿ ਹਰਿਆਣਾ ਸਰਕਾਰ ਐੱਮਐੱਸਪੀ ’ਤੇ ਫ਼ਸਲਾਂ ਖ਼ਰੀਦਦੀ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਤੋਂ ਸੂਬੇ ਦੀ ਹੱਦ ਨਾਲ ਲੱਗਦੇ 20 ਕਿਲੋਮੀਟਰ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ’ਚ ਫ਼ਸਲ ਵੇਚਣ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਹੰਡੇਸਰਾ ਸਰਕਲ ਵਿੱਚ ਜਨਤਕ ਟਰਾਂਸਪੋਰਟ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਚੰਡੀਗੜ੍ਹ ਦੀਆਂ ਬੱਸਾਂ ਰਾਹੀਂ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ।
ਇਸ ਮੌਕੇ ਗੁਰਦਰਸ਼ਨ ਸੈਣੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਮਿਲ ਕੇ ਉਨ੍ਹਾਂ ਦੀ ਦਿੱਕਤਾਂ ਦਾ ਹੱਲ ਕਰਵਾਉਣਗੇ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਕਰਮ ਸਿੰਘ ਕਾਰਕੌਰ, ਗੁਰਭਜਨ ਸਿੰਘ ਧਰਮਗੜ੍ਹ, ਮੇਜਰ ਸਿੰਘ ਪਰਾਗਪੁਰ, ਰਾਮ ਸਿੰਘ, ਦਿਲਬਾਗ ਸਿੰਘ, ਦਿਆਲ ਸਿੰਘ ਆਦਿ ਹਾਜ਼ਰ ਸਨ।