DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨੀ ਮੰਗਾਂ: ਵਰ੍ਹਦੇ ਮੀਂਹ ’ਚ ਡੀਸੀ ਦਫ਼ਤਰ ਅੱਗੇ ਡਟੇ ਕਿਸਾਨ

ਡੱਲੇਵਾਲ ਦੀ ਜਾਨ ਦੀ ਦੁਸ਼ਮਣ ਬਣੀ ਕੇਂਦਰ ਸਰਕਾਰ: ਬੈਦਵਾਨ; ਕਿਸਾਨ ਜਥੇਬੰਦੀਆਂ ਨੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ
  • fb
  • twitter
  • whatsapp
  • whatsapp
featured-img featured-img
ਡੀਸੀ ਦਫ਼ਤਰ ਮੁਹਾਲੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ।
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 23 ਦਸੰਬਰ

Advertisement

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਵਰ੍ਹਦੇ ਮੀਂਹ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਸਿਹਤ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਕਿਸਾਨ ਯੂਨੀਅਨ ਰਾਜੇਵਾਲ, ਲੱਖੋਵਾਲ, ਉਗਰਾਹਾਂ, ਲੋਕ-ਹਿੱਤ ਮਿਸ਼ਨ, ਕਾਦੀਆਂ ਤੇ ਡਕੌਂਦਾ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਕਿਸਾਨਾਂ ਨੇ ਮੀਂਹ ਕਾਰਨ ਮੁਹਾਲੀ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜਲਦੀ ਮੰਗ ਪੱਤਰ ਲਿਆ ਅਤੇ ਗੇਟ ਖੋਲ੍ਹਿਆ ਜਾਵੇ ਨਹੀਂ ਤਾਂ ਉਹ ਗੇਟ ਲੰਘ ਕੇ ਅੰਦਰ ਆ ਜਾਣਗੇ। ਕਾਫ਼ੀ ਇੰਤਜ਼ਾਰ ਕਰਨ ’ਤੇ ਜਦੋਂ ਕੋਈ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਆਇਆ ਅਤੇ ਗੇਟ ਨਹੀਂ ਖੋਲ੍ਹਿਆ ਤਾਂ ਕਿਸਾਨ ਖ਼ੁਦ ਹੀ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ ਅਤੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ। ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਨਛੱਤਰ ਸਿੰਘ ਬੈਦਵਾਨ, ਜਸਪਾਲ ਸਿੰਘ ਨਿਆਮੀਆਂ, ਕ੍ਰਿਪਾਲ ਸਿੰਘ ਸਿਆਊ, ਦਵਿੰਦਰ ਸਿੰਘ ਦੇਹਕਲਾਂ, ਅੰਗਰੇਜ਼ ਸਿੰਘ, ਰਵਿੰਦਰ ਸਿੰਘ ਵਜੀਦਪੁਰ, ਲਖਵਿੰਦਰ ਸਿੰਘ ਕਰਾਲਾ, ਜਸਪਾਲ ਸਿੰਘ ਲਾਂਡਰਾਂ, ਹਰਜੀਤ ਸਿੰਘ ਹਰਮਨ, ਜਗਜੀਤ ਸਿੰਘ ਜੱਗੀ, ਲਖਵਿੰਦਰ ਸਿੰਘ ਹੈਪੀ, ਰਜਿੰਦਰ ਸਿੰਘ ਢੋਲਾ ਅਤੇ ਗੁਰਮੀਤ ਸਿੰਘ ਖੂਨੀਮਾਜਰਾ ਨੇ ਕਿਹਾ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਾ ਮੰਨ ਕੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਜਾਨ ਬਚਾਉਣ ਲਈ ਦਿੱਲੀ ਜਾਣਾ ਚਾਹੁੰਦੇ ਕਿਸਾਨਾਂ ’ਤੇ ਜਬਰ ਬੰਦ ਕੀਤਾ ਜਾਵੇ। ਗਰੇਟਰ ਨੋਇਡਾ ਲਸ਼ਕਰ ਜੇਲ੍ਹ ਤੋਂ ਸਾਰੇ ਕਿਸਾਨਾਂ ਨੂੰ ਰਿਹਾਅ ਕਰਨ, ਨੈਸ਼ਨਲ ਐਗਰੀਕਲਚਰ ਮਾਰਕੀਟ ਨੀਤੀ ਰੱਦ ਕੀਤੀ ਜਾਵੇ, ਕਿਸਾਨੀ ਮੰਗਾਂ ਸਬੰਧੀ ਜਥੇਬੰਦੀਆਂ ਨਾਲ ਤੁਰੰਤ ਗੱਲਬਾਤ ਸ਼ੁਰੂ ਕੀਤੀ ਜਾਵੇ, ਐੱਮਐੱਸਪੀ, ਕਰਜ਼ਾ-ਮੁਕਤੀ, ਨਿੱਜੀਕਰਨ, ਮੰਡੀਕਰਨ ਨੀਤੀ, ਡਿਜੀਟਲ ਖੇਤੀ ਮਿਸ਼ਨ ਮੰਗਾਂ ਲਾਗੂ ਕੀਤੀਆਂ ਜਾਣ। ਕਿਸਾਨਾਂ ਨੇ ਰਾਸ਼ਟਰਪਤੀ ਦੇ ਨਾਂ ਲਿਖਿਆ ਮੰਗ ਡੀਸੀ ਆਸ਼ਿਕਾ ਜੈਨ ਨੂੰ ਸੌਂਪਿਆ। ਇਸ ਮੌਕੇ ਹਰਭਜਨ ਸਿੰਘ, ਰਵਿੰਦਰ ਸਿੰਘ ਗਰੇਵਾਲ, ਜਸਵਿੰਦਰ ਸਿੰਘ ਕੰਡੀਲਾ, ਅਮਰਜੀਤ ਸਿੰਘ ਪਡਿਆਲਾ, ਬਚਨ ਸਿੰਘ ਮੁੰਧੋਂ, ਰਾਮ ਸਿੰਘ ਅਭੀਪੁਰ, ਤੇਜਿੰਦਰ ਸਿੰਘ ਪੂਨੀਆ, ਗੁਰਮੁੱਖ ਸਿੰਘ ਕੰਡਾਲਾ, ਕੁਲਵੰਤ ਸਿੰਘ ਚਿੱਲਾ, ਦਰਸ਼ਨ ਸਿੰਘ ਦਰਾਲੀ, ਕਮਲਜੀਤ ਸਿੰਘ ਡੇਰਾਬੱਸੀ, ਰਵਿੰਦਰ ਸਿੰਘ ਹੁਸ਼ਿਆਰਪੁਰ, ਸੋਹਣ ਸਿੰਘ ਸੰਗਤਪੁਰਾ, ਭਗਤ ਸਿੰਘ, ਬਲਵਿੰਦਰ ਸਿੰਘ ਰੰਗੂਆਣਾ ਤੇ ਦਰਸ਼ਨ ਸਿੰਘ ਖੇੜਾ, ਗੁਰਵਿੰਦਰ ਸਿੰਘ ਤੇ ਹਰਜੀਤ ਸਿੰਘ ਸਿਆਊ ਹਾਜ਼ਰ ਸਨ।

ਡੱਲੇਵਾਲ ਦੀ ਹਮਾਇਤ ’ਚ ਕਿਸਾਨਾਂ ਦਾ ਜਥਾ ਭੁੱਖ ਹੜਤਾਲ ’ਤੇ

ਬੜੌਦੀ ਟੌਲ ਪਲਾਜਾ ਉਤੇ ਤੀਜੇ ਦਿਨ ਭੁੱਖ ਹੜਤਾਲ ‘ਤੇ ਬੈਠਾ ਕਿਸਾਨਾਂ ਦਾ ਜਥਾ।

ਕੁਰਾਲੀ (ਮਿਹਰ ਸਿੰਘ): ਕਿਸਾਨੀ ਹਿੱਤਾਂ ਲਈ ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਲੋਕ ਹਿੱਤ ਮਿਸ਼ਨ ਵੱਲੋਂ ਬੜੌਦੀ ਟੌਲ ਪਲਾਜ਼ਾ ’ਤੇ ਲੜੀਵਾਰ ਭੱਖ ਹੜਤਾਲ ਦੇ ਤੀਜੇ ਦਿਨ ਪੰਜ ਮੈਂਬਰੀ ਜਥਾ ਭੁੱਖ ਹੜਤਾਲ ’ਤੇ ਬੈਠਿਆ। ਇਸ ਮੌਕੇ ਮੁਜ਼ਹਾਰਾਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ। ਮਿਸ਼ਨ ਵਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਦੇ ਤੀਜੇ ਦਿਨ ਗੁਰਪ੍ਰੀਤ ਸਿੰਘ ਕਾਦੀਮਾਜਰਾ, ਗਰਿੰਦਰ ਸਿੰਘ ਫਤਹਿਗੜ੍ਹ, ਰਮਨਪ੍ਰੀਤ ਸਿੰਘ ਕਾਦੀਮਾਜਰਾ, ਭਾਗ ਸਿੰਘ ਫਾਟਵਾਂ, ਸੱਜਣ ਸਿੰਘ ਖਿਜ਼ਰਾਬਾਦ ਦਾ ਪੰਜ ਮੈਂਬਰੀ ਜਥਾ 12 ਘੰਟਿਆਂ ਲਈ ਭੁੱਖ ਹੜਤਾਲ ’ਤੇ ਬੈਠਿਆ। ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ, ਮਾਸਟਰ ਹਰਨੇਕ ਸਿੰਘ ਬੜੌਦੀ ਤੇ ਹੋਰਨਾਂ ਨੇ ਡੱਲੇਵਾਲ ਦਾ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਤਾਲਮੇਲ ਕਰਕੇ ਕਿਸਾਨ ਆਗੂ ਦਾ ਮਰਨ ਵਰਤ ਖਤਮ ਕਰਵਾਉਣ ਲਈ ਕਿਸਾਨੀ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਨ ਸਰਕਾਰ ਅਜਿਹੇ ਔਖੇ ਸਮੇਂ ਕਿਸਾਨਾਂ ਦੀ ਬਾਂਹ ਫੜੇ ਅਤੇ ਕਿਸਾਨੀ ਮੰਗਾਂ ਲਈ ਕੇਂਦਰ ਨਾਲ ਤਾਲਮੇਲ ਕਰੇ।

Advertisement
×