ਵਿਦਿਆਰਥੀਆਂ ਦੇ ਰਾਹ-ਦਸੇਰਾ ਬਣ ਕੇ ਸਕੂਲਾਂ ’ਚ ਪੁੱਜੇ ਡੀਸੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਮਈ
ਮੁਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਅੱਜ ਸਕੂਲ ਆਫ ਐਮੀਨੈਂਸ ਫੇਜ਼-11 ਵਿੱਚ ਮੈਂਟਰ ਵਜੋਂ ਆਪਣੀ ਪਹਿਲੀ ਫੇਰੀ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਪ੍ਰੇਰਣਾਦਾਇਕ ਜੀਵਨ ਯਾਤਰਾ ਸਾਂਝੀ ਕਰਦਿਆਂ ਉਨ੍ਹਾਂ ਨੂੰ ਦ੍ਰਿੜ੍ਹਤਾ ਅਤੇ ਲਗਨ ਨਾਲ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ।
ਬਾਰ੍ਹਵੀਂ ਦੀ ਵਿਦਿਆਰਥਣ ਸਪਨਾ ਦੇ ਇੱਕ ਸੁਆਲ ਦਾ ਜਵਾਬ ਦਿੰਦਿਆਂ ਡੀਸੀ ਕੋਮਲ ਮਿੱਤਲ ਨੇ ਆਪਣੀ ਨਿੱਜੀ ਕਹਾਣੀ ਸੁਣਾ ਕੇ ਸ਼ੁਰੂਆਤ ਕੀਤੀ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਸ੍ਰੀਮਤੀ ਮਿੱਤਲ ਨੇ ਉਨ੍ਹਾਂ ਨੂੰ ਇੱਕ ਸਪੱਸ਼ਟ ਟੀਚਾ ਚੁਣਨ ਤੇ ਦ੍ਰਿੜ੍ਹਤਾ ਨਾਲ ਇਸ ਨੂੰ ਪੂਰਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਕੂਲ ਲਾਇਬ੍ਰੇਰੀ ਵਿੱਚ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨਾਲ ਗੱਲਾਂ ਕਰਨ ਦੌਰਾਨ ਵਿਦਿਆਰਥਣ ਗੁਨੀਤ ਨੇ ਪੁੱਛਿਆ ਕਿ ਆਤਮਵਿਸ਼ਵਾਸ ਕਿਵੇਂ ਵਧਾਉਣਾ ਹੈ। ਡੀਸੀ ਨੇ ਉਸ ਨੂੰ ਮੰਚ ’ਤੇ ਬੁਲਾਇਆ ਅਤੇ ਉਸ ਨੂੰ ਬਿਨਾਂ ਰੁਕੇ ਬੋਲਣ ਲਈ ਉਤਸ਼ਾਹਿਤ ਕੀਤਾ, ਜੋ ਉਸ ਨੇ ਸਵੈ-ਭਰੋਸੇ ਨਾਲ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰ ਮਹੀਨੇ ਆਉਂਦੇ ਰਹਿਣਗੇ।
ਕੀਰਤਪੁਰ ਸਾਹਿਬ (ਬੀਐੱਸ ਚਾਨਾ): ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅੱਜ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ ਬਣ ਕੇ ਸਾਹਮਣੇ ਆਏ। ਪੰਜਾਬ ਸਰਕਾਰ ਵੱਲੋਂ ਆਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਤਹਿਤ ਸ੍ਰੀ ਵਾਲੀਆ ਨੇ ਕਿਹਾ ਕਿ ਬਰੇਨ ਡਰੇਨ ਨੂੰ ਰੋਕਣ ਅਤੇ ਵਿਦਿਆਰਥੀਆਂ ਦੀਆਂ ਸੋਚਾਂ ਨੂੰ ਉਡਾਰੀ ਲਈ ਪੰਖ ਲਾਉਣ ਲਈ ਇਹ ਪ੍ਰੋਗਰਾਮ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲੇ ਹਨ, ਉਨ੍ਹਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਆਪਣੇ ਤਜਰਬੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ।