ਜੇਈਈ ਐਡਵਾਂਸਡ ਪਾਸ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਵਧਾਈ
ਪੱਤਰ ਪੇ੍ਰਕ
ਐੱਸਏਐੱਸ ਨਗਰ (ਮੁਹਾਲੀ), 4 ਜੂਨ
ਜੇਈਈ ਐਡਵਾਂਸਡ ਦੀ ਪ੍ਰੀਖਿਆ ’ਚੋਂ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀ ਸਫਲ ਰਹੇ ਹਨ ਜਿਨ੍ਹਾਂ ’ਚੋਂ 21 ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਨਾਲ ਸਬੰਧਤ ਹਨ। ਮੈਰੀਟੋਰੀਅਸ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ, ਜਨਰਲ ਸਕੱਤਰ ਡਾ. ਅਜੈ ਸ਼ਰਮਾ ਅਤੇ ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਉੱਚ ਯੋਗਤਾ ਤੇ ਤਜਰਬੇਕਾਰ ਅਧਿਆਪਕਾਂ ਸਦਕਾ ਇਹ ਸਕੂਲ ਜੇਈਈ/ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਸੈਂਕੜੇ ਵਿਦਿਆਰਥੀਆਂ ਦੇ ਰਾਹ ਦਸੇਰਾ ਬਣ ਰਹੇ ਹਨ। ਇਸ ਸਾਲ ਐਲਾਨੇ ਨਤੀਜੇ ਵਿੱਚ ਵੀ ਦਸ ਮੈਰੀਟੋਰੀਅਸ ਸਕੂਲਾਂ ’ਚੋਂ 21 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ ਦਾ ਟੈੱਸਟ ਪਾਸ ਕਰਕੇ ਇਤਿਹਾਸ ਸਿਰਜਿਆ ਹੈ। ਇਸ ਸਫਲਤਾ ਲਈ ਤਜਰਬੇਕਾਰ ਅਧਿਆਪਕ ਅਤੇ ਮਿਹਨਤੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਸੂਬਾ ਪ੍ਰਧਾਨ ਡਾ. ਟੀਨਾ ਤੇ ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਸਾਡੀ ਮਿਹਨਤ ਦਾ ਮੁੱਲ ਨਹੀਂ ਪਾਇਆ ਅਤੇ ‘ਆਪ’ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ। ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਪੱਲਾ ਝਾੜਦੀ ਆ ਰਹੀ ਹੈ। ਪਿਛਲੇ ਦਸ ਸਾਲਾਂ ਵਿੱਚ ਨਾ ਤਨਖ਼ਾਹ ਵਧਾਈ ਅਤੇ ਨਾ ਪਿਛਲੇ ਬਕਾਏ ਦਿੱਤੇ ਹਨ ਜਿਸ ਕਾਰਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ।