ਚੰਡੀਗੜ੍ਹ ਪੁਲੀਸ ਵੱਲੋਂ ਗ਼ੈਰ-ਸਮਾਜੀ ਅਨਸਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ
ਆਤਿਸ਼ ਗੁਪਤਾ
ਚੰਡੀਗੜ੍ਹ, 5 ਅਪਰੈਲ
ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਅੱਜ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮਲੋਆ ਕਲੋਨੀ ਤੇ ਸੈਕਟਰ-25 ਵਿਖੇ ਸਥਿਤ ਡੀਬੀਸੀ ਕਲੋਨੀ ਵਿਖੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ 100 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀਆਂ ਦਰਜਨਾਂ ਟੀਮਾਂ ਨੇ ਦੋਵਾਂ ਇਲਾਕਿਆਂ ਵਿੱਚ ਛਾਪੇ ਮਾਰੇ ਅਤੇ ਅਪਰਾਧਕ ਪਿਛੋਕੜ ਵਾਲੇ 90 ਦੇ ਕਰੀਬ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਲੋਆ ਦੇ ਐੱਸਐੱਚਓ ਅਤੇ ਥਾਣਾ ਸੈਕਟਰ-11 ਦੇ ਐੱਸਐੱਚਓ ਦੀ ਅਗਵਾਈ ਹੇਠ 100 ਤੋਂ ਵੱਧ ਪੁਲੀਸ ਮੁਲਾਜ਼ਮ ਅੱਜ ਸਵੇਰੇ 5 ਵਜੇ ਪੁਲੀਸ ਥਾਣੇ ਵਿੱਚ ਪਹੁੰਚ ਗਏ। ਜਿੱਥੋਂ ਪੁਲੀਸ ਨੇ ਸਵੇਰੇ 5.30 ਵਜੇ ਸਰਚ ਅਪਰੇਸ਼ਨ ਸ਼ੁਰੂ ਕੀਤਾ। ਇਸ ਦੌਰਾਨ ਪੁਲੀਸ ਨੇ ਦੋਵਾਂ ਇਲਾਕਿਆਂ ਦੇ ਹਰੇਕ ਘਰ ਵਿੱਚ ਪਹੁੰਚ ਕੇ ਤਲਾਸ਼ੀ ਲਈ ਅਤੇ ਦੋਵਾਂ ਇਲਾਕਿਆਂ ਵਿੱਚ ਖੜ੍ਹੇ ਵਾਹਨਾਂ ਦੀ ਵੀ ਤਲਾਸ਼ੀ ਲਈ ਹੈ। ਇਹ ਸਰਚ ਅਪਰੇਸ਼ਨ ਸਵੇਰੇ 5.30 ਵਜੇ ਤੋਂ ਸ਼ੁਰੂ ਕਰਕੇ 8.30 ਵਜੇ ਤੱਕ ਚਲਦਾ ਰਿਹਾ ਹੈ।
ਇਸ ਦੌਰਾਨ ਥਾਣਾ ਮਲੋਆ ਦੀ ਪੁਲੀਸ ਨੇ ਅਪਰਾਧਕ ਪਿਛੋਕੜ ਵਾਲੇ 72 ਜਣਿਆਂ ਦੀ ਤਲਾਸ਼ੀ ਲਈ। ਇਸ ਤੋਂ ਇਲਾਵਾ ਇਲਾਕੇ ਵਿੱਚ 40 ਵਾਹਨਾਂ ਦੇ ਦਸਤਾਵੇਜ਼ ਖੰਗਾਲੇ ਗਏ ਤਾਂ ਦੋ ਵਾਹਨਾਂ ਦੇ ਚਾਲਾਨ ਕੀਤੇ ਗਏ। ਇਸ ਤੋਂ ਇਲਾਵਾ ਵੀ ਇਲਾਕੇ ਵਿੱਚ ਰਹਿਣ ਵਾਲੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ। ਇਸੇ ਤਰ੍ਹਾਂ ਥਾਣਾ ਸੈਕਟਰ-11 ਦੀ ਪੁਲੀਸ ਨੇ ਡੀਬੀਸੀ ਕਲੋਨੀ ਸੈਕਟਰ-25 ਵਿੱਚ ਸਰਚ ਅਪਰੇਸ਼ਨ ਚਲਾਇਆ ਹੈ। ਇਸ ਦੌਰਾਨ ਅਪਰਾਧਕ ਪਿਛੋਕੜ ਵਾਲੇ 18 ਜਣਿਆਂ ਦੀ ਚੈਕਿੰਗ ਕੀਤੀ ਗਈ। ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਹੋਟਲ ਮਾਲਕਾਂ ਨੂੰ ਮਹਿਮਾਨਾਂ ਦੇ ਪਛਾਣ ਪੱਤਰ ਲੈਣ ਦੇ ਨਿਰਦੇਸ਼
ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਸ਼ਹਿਰ ਦੇ ਸਾਰੇ ਹੋਟਲ ਮਾਲਕਾਂ ਨੂੰ ਹੋਟਲ ਵਿੱਚ ਠਹਿਰਨ ਵਾਲੇ ਮਹਿਮਾਨਾਂ ਦੇ ਪਛਾਣ ਪੱਤਰ ਲੈਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸਮੇਂ-ਸਮੇਂ ’ਤੇ ਹੋਟਲਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ। ਜੇਕਰ ਇਸ ਦੌਰਾਨ ਹੋਟਲ ਮਾਲਕ ਵੱਲੋਂ ਰਿਕਾਰਡ ਨਾ ਰੱਖਿਆ ਹੋਇਆ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ।