ਚੰਡੀਗੜ੍ਹ ਨਗਰ ਨਿਗਮ ਨੇ ਸਥਾਪਨਾ ਦਿਵਸ ਮਨਾਇਆ
ਪੱਤਰ ਪ੍ਰੇਰਕ
ਚੰਡੀਗੜ੍ਹ, 20 ਜੂਨ
ਨਗਰ ਨਿਗਮ ਚੰਡੀਗੜ੍ਹ ਨੇ ਆਪਣਾ ਸਥਾਪਨਾ ਦਿਵਸ ਅੱਜ ਇੱਥੇ ਸੈਕਟਰ-38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਮਨਾਇਆ। ਮੇਅਰ ਹਰਪ੍ਰੀਤ ਕੌਰ ਬਬਲਾ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਨਿਗਮ ਕਮਿਸ਼ਨਰ ਅਮਿਤ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੇਅਰ ਅਤੇ ਨਿਗਮ ਕਮਿਸ਼ਨਰ ਵੱਲੋਂ ਸ਼ਮ੍ਹਾਂ ਰੋਸ਼ਨ ਕਰ ਕੇ ਕੀਤੀ ਗਈ।
ਨਿਗਮ ਦੇ ਕਰਮਚਾਰੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਸੰਨ-1994 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਕਈ ਗੁਣਾ ਵਧ ਗਈਆਂ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਲੋਕਾਂ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ ਫੈਲਾਉਣ ਦੇ ਨਾਲ-ਨਾਲ ਸ਼ਹਿਰ ਦੇ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਸੇਵਾ ਪ੍ਰਦਾਨ ਕਰਨ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਸਤੇ ਐੱਮਸੀ ਚੰਡੀਗੜ੍ਹ ਦੇ ਅਧਿਕਾਰੀਆਂ ਅਤੇ ਸਾਰੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ।
ਕਰਮਚਾਰੀਆਂ ਨੇ ਸਮਾਗਮ ਦੌਰਾਨ ਰੰਗ-ਰੰਗੀਲਾ ਭਾਰਤ, ਸਵੱਛਤਾ ਐਕਟ ਪ੍ਰਤੀ ਜਾਗਰੂਕਤਾ, ਗਿੱਧਾ ਅਤੇ ਭੰਗੜਾ, ਝੂਮਰ, ਸੰਮੀ ਅਤੇ ਫੈਸ਼ਨ ਸ਼ੋਅ ਪੇਸ਼ ਕੀਤੇ। ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਸਾਬਕਾ ਮੇਅਰ ਸਰਬਜੀਤ ਕੌਰ ਸਣੇ ਹੋਰ ਕੌਂਸਲਰਾਂ ਤੇ ਸਥਾਨਕ ਆਗੂਆਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣਿਆ। ਕਮਿਸ਼ਨਰ ਨੇ ਮੇਅਰ, ਕੌਂਸਲਰਾਂ, ਅਧਿਕਾਰੀਆਂ ਤੇ ਨਿਗਮ ਕਰਮਚਾਰੀਆਂ ਦਾ ਸਮਾਗਮ ਦੇ ਪ੍ਰਬੰਧ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਸਫ਼ਲ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ।