ਚੰਡੀਗੜ੍ਹ ’ਚ ਧਾਰਮਿਕ ਸਥਾਨਾਂ ’ਤੇ ਅੱਜ ਚੱਲੇਗਾ ਬੁਲਡੋਜ਼ਰ
ਕੁਲਦੀਪ ਸਿੰਘ
ਚੰਡੀਗੜ੍ਹ, 20 ਮਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅਣ-ਅਧਿਕਾਰਤ ਥਾਵਾਂ ਉੱਤੇ ਬਣੇ 21 ਧਾਰਮਿਕ ਸਥਾਨਾਂ ’ਤੇ ਨਗਰ ਨਿਗਮ ਵੱਲੋਂ ਬੁਲਡੋਜ਼ਰ ਚਲਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸੇ ਸਬੰਧ ਵਿੱਚ ਨਿਗਮ ਵੱਲੋਂ ਢਾਹੇ ਜਾਣ ਵਾਲੇ ਧਾਰਮਿਕ ਸਥਾਨਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਹਰ ਸਥਾਨ ਨੂੰ ਢਾਹੁਣ ਲਈ ਤਰੀਕਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਹਨ। ਇਸ ਮੁਤਾਬਕ ਭਲਕੇ 21 ਮਈ ਨੂੰ ਸ਼ੁਰੂ ਹੋਣ ਜਾ ਰਹੀ ਇਹ ਵਿਸ਼ੇਸ਼ ਮੁਹਿੰਮ ਦੋ ਜੁਲਾਈ ਤੱਕ ਜਾਰੀ ਰਹੇਗੀ। ਸੂਚੀ ਮੁਤਾਬਕ 19 ਮੰਦਰ, ਇੱਕ ਗੁੱਗਾ ਮੈੜੀ ਅਤੇ ਇੱਕ ਮਸਜਿਦ ਢਾਹੇ ਜਾਣੇ ਹਨ ਜੋ ਕਿ ਅਣ-ਅਧਿਕਾਰਤ ਥਾਵਾਂ ਉਤੇ ਉਸਾਰੇ ਹੋਏ ਹਨ।
ਨਿਗਮ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਚੁੱਕੀਆਂ ਹਨ। ਸਬੰਧਿਤ ਵਿਭਾਗਾਂ ਵਿੱਚ ਰੋਡ-ਡਿਵੀਜ਼ਨ, ਇਲੈਕਟ੍ਰੀਕਲ ਸਬ-ਡਿਵੀਜ਼ਨ, ਐਨਫੋਰਸਮੈਂਟ ਵਿੰਗ ਨੂੰ ਵੀ ਪੱਤਰ ਦੀਆਂ ਕਾਪੀਆਂ ਭੇਜ ਕੇ ਇਸ ਕਾਰਵਾਈ ਦੌਰਾਨ ਮੌਕੇ ਉੱਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਵੀ ਤਾਇਨਾਤ ਕੀਤੀ ਜਾ ਰਹੀ ਹੈ।
ਕਮਿਸ਼ਨਰ ਵੱਲੋਂ ਅਦਾਲਤੀ ਹੁਕਮਾਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਢਾਹੇ ਜਾਣ ਵਾਲੇ ਸਥਾਨ ਸੈਕਟਰ-42, ਅਟਾਵਾ, ਸੈਕਟਰ 56, ਰਾਮ-ਦਰਬਾਰ, ਸੈਕਟਰ 34, 35, 37, 37-ਡੀ, 41-ਸੀ, 41-ਡੀ, 43, 44-ਡੀ, 49-ਸੀ, ਪਿੰਡ ਬੁਟੇਰਲਾ, ਬੁੜੈਲ ਅਤੇ ਰਾਮ ਦਰਬਾਰ-2 ਵਿੱਚ ਸਥਿਤ ਹਨ।
ਦੂਜੇ ਪਾਸੇ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਕਿਹਾ ਕਿ ਪਿੰਡ ਅਟਾਵਾ ਵਿੱਚ ਨਗਰ ਨਿਗਮ ਬਣਨ ਤੋਂ ਵੀ ਪਹਿਲਾਂ ਦਾ ਬਣਿਆ ਪ੍ਰਾਚੀਨ ਸ਼ਿਵ ਮੰਦਰ ਤੋੜਨ ਦੀ ਸੂਚਨਾ ਨਾਲ ਸਥਾਨਕ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਹੈ। ਜੇ ਭਲਕੇ ਇਹ ਮੰਦਰ ਤੋੜ ਦਿੱਤਾ ਗਿਆ ਤਾਂ ਇਲਾਕੇ ਦੇ ਲੋਕਾਂ ਕੋਲ ਪੂਜਾ ਪਾਠ ਲਈ ਕੋਈ ਸਥਾਨ ਨਹੀਂ ਰਹੇਗਾ। ਮੰਦਰ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਕੋਈ ਹੋਰ ਬਦਲ ਲੱਭਣਾ ਚਾਹੀਦਾ ਹੈ।
ਚੰਡੀਗੜ੍ਹ ਕਾਂਗਰਸ ਨੇ ਨਿਖੇਧੀ ਕੀਤੀ
ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਸ਼ਹਿਰ ਵਿੱਚ 21 ਧਾਰਮਿਕ ਸਥਾਨਾਂ ਨੂੰ ਢਾਹੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਇਸ ਮੁੱਦੇ ਉੱਤੇ ਭਾਜਪਾ ਦੀ ਚੁੱਪੀ ਬਾਰੇ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਭਾਜਪਾ ਹਮੇਸ਼ਾਂ ਧਰਮ ਦੇ ਨਾਂ ਉੱਤੇ ਵੋਟਾਂ ਮੰਗਦੀ ਹੈ ਅਤੇ ਖ਼ੁਦ ਨੂੰ ਧਾਰਮਿਕ ਭਾਵਨਾਵਾਂ ਦੀ ਰੱਖਿਅਕ ਬਣਦੀ ਹੈ ਪਰ ਹੁਣ ਜਦੋਂ ਧਾਰਮਿਕ ਸਥਾਨਾਂ ਨੂੰ ਢਾਹੁਣ ਦੀ ਗੱਲ ਆਈ ਤਾਂ ਭਾਜਪਾ ਨੇ ਚੁੱਪ ਵੱਟ ਲਈ ਹੈ। ਇਸ ਚੁੱਪੀ ਨੇ ਭਾਜਪਾ ਦਾ ਦੋਗਲਾ ਚਿਹਰਾ ਬੇਪਰਦ ਕਰ ਦਿੱਤਾ ਹੈ। ਇਸ ਦੇ ਉਲਟ ਕਾਂਗਰਸ ਪਾਰਟੀ ਸ਼ਹਿਰ ਦੀ ਜਨਤਾ ਦੇ ਨਾਲ ਖੜ੍ਹੀ ਹੈ।