ਕੰਟੇਨਰ ’ਚੋਂ 476 ਕਿੱਲੋ ਚੂਰਾ-ਪੋਸਤ ਬਰਾਮਦ; ਮੁਲਜ਼ਮ ਕਾਬੂ
ਅੰਬਾਲਾ: ਅੰਬਾਲਾ ਪੁਲੀਸ ਦੇ ਸੀਆਈਏ-1 ਦੀ ਟੀਮ ਨੇ ਇਕ ਕੰਟੇਨਰ ਤੋਂ 476 ਕਿਲੋ ਡੋਡਾ ਚੂਰਾ-ਪੋਸਤ ਬਰਾਮਦ ਕਰਦਿਆਂ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ 23 ਜੂਨ ਦੀ ਰਾਤ ਨੂੰ ਥਾਣਾ ਨੱਗਲ ਅਧੀਨ ਬਿਸ਼ਨਗੜ੍ਹ ਨੇੜੇ ਟਾਂਗਰੀ ਨਦੀ ਕੋਲ 152-ਡੀ ਹਾਈਵੇਅ ’ਤੇ ਸੂਹ ਦੇ ਆਧਾਰ ’ਤੇ ਕੀਤੀ ਗਈ। ਮੁਲਜ਼ਮ ਦੀ ਪਛਾਣ ਅਨਿਲ ਕੁਮਾਰ ਵਾਸੀ ਪਿੰਡ ਗੰਗਪੁਰ, ਅੰਬਾਲਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦਾ ਅਦਾਲਤ ਤੋਂ ਅੱਠ ਦਿਨਾਂ ਪੁਲੀਸ ਰਿਮਾਂਡ ਲਿਆ ਹੈ। -ਪੱਤਰ ਪ੍ਰੇਰਕ
ਘਰ ’ਚੋਂ ਗਹਿਣੇ ਚੋਰੀ
ਰੂਪਨਗਰ: ਇੱਥੇ ਆਦਰਸ਼ ਨਗਰ ਕਾਲੋਨੀ ਦੀ ਗਲੀ ਨੰਬਰ 4 ’ਚ ਚੋਰਾਂ ਨੇ ਦਿਨ ਦਿਹਾੜੇ ਘਰ ’ਚੋਂ ਗਹਿਣਿਆਂ ਤੇ ਨਕਦੀ ਸਮੇਤ ਲਗਪਗ ਪੌਣੇ ਦਸ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਹਾਲਾਂਕਿ ਇਸ ਦੌਰਾਨ ਇੱਕ ਚੋਰ ਨੂੰ ਘਰ ਦੇ ਮਾਲਕਾਂ ਦੇ ਗੁਆਂਢੀਆਂ ਦੀ ਮਦਦ ਨਾਲ ਕਾਬੂ ਵੀ ਕਰ ਲਿਆ ਪਰ ਦੂਜਾ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਸਮੇਤ ਫਰਾਰ ਹੋ ਗਿਆ। ਅਜੇਸ਼ ਸ਼ਰਮਾ ਉਰਫ਼ ਭੋਲਾ ਨੇ ਦੱਸਿਆ ਕਿ ਉਹ ਆਪਣੇ ਕੰਮ ਤੇ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਰਿਤੂ ਆਪਣੀ ਲੜਕੀ ਨਾਲ ਬੈਂਕ ਗਈ ਸੀ। ਜਦੋਂ ਉਹ ਕੁਝ ਦਸਤਾਵੇਜ਼ ਲੈਣ ਲਈ ਵਾਪਸ ਆਈਆਂ ਪੁੱਜੀਆਂ ਤਾਂ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਤੇ ਦੋ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਸਾਮਾਨ ਚੋਰੀ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਇਕ ਨੂੰ ਫੜ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। -ਪੱਤਰ ਪ੍ਰੇਰਕ
ਰਾਮ ਦਰਬਾਰ ’ਚ ਗੋਲੀ ਚਲਾਉਣ ਵਾਲੇ ਦੋ ਗ੍ਰਿਫ਼ਤਾਰ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਦੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਾਮਦਰਬਾਰ ਵਿੱਚ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਨੂੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁਲੀਸ ਨੇ ਵਾਰਦਾਤ ਵਿੱਚ ਵਰਤਿਆਂ ਇਕ ਦੇਸੀ ਕੱਟਾ ਤੇ ਪਿਸਤੋਲ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਕਾਬੂ ਕੀਤੇ ਗਏ ਵਿੱਚ ਪਵਨ ਵਾਸੀ ਮਲੋਆ ਅਤੇ ਮੌਨੂ ਜੈਸਵਾਲ ਵਾਸੀ ਹੱਲੋਮਾਜਰਾ ਦੇ ਨਾਮ ਸ਼ਾਮਲ ਹਨ। ਪੁਲੀਸ ਨੇ ਇਹ ਕਾਰਵਾਈ ਰਾਮਦਰਬਾਰ ਫੇਜ਼-2 ਵਿੱਚ ਰਹਿਣ ਵਾਲੇ ਸਮਦਰਸ਼ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ 20 ਜੂਨ ਨੂੰ ਰਾਤ ਨੂੰ 12.30 ਵਜੇ ਦੇ ਕਰੀਬ ਦੋ ਨੌਜਵਾਨ ਉਸ ਦੀ ਕਾਰ ’ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। -ਟਨਸ