ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
July 25, 2025 12:21 pm
ਵਿਰੋਧੀ ਧਿਰਾਂ ਵੱਲੋਂ ਜਾਰੀ ਰੌਲੇ ਰੱਪੇ ਦਰਮਿਾਨ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਤੇ ਹੋਰਨਾਂ ਮੁੱਦਿਆਂ ’ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਜਾਰੀ ਹੰਗਾਮੇ ਕਰਕੇ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪੰਜ ਮਿੰਟ ਬਾਅਦ ਹੀ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਬਾਅਦ ਵਿਚ ਇਸ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਉਧਰ ਵਿਰੋਧੀ ਧਿਰਾਂ ਦੇ ਹੰਗਾਮੇ ਕਰਕੇ ਰਾਜ ਸਭਾ ਦੀ ਕਾਰਵਾਈ ਨੂੰ ਵੀ ਪਹਿਲਾਂ 12 ਵਜੇ ਤੱਕ ਤੇ ਮਗਰੋਂ ਪੂਰੇ ਦਿਨ ਲਈ ਮੁਲਵਤੀ ਕਰ ਦਿੱਤਾ ਗਿਆ।
ਸੰਸਦ ਦਾਂ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਪੰਜਵੇਂ ਦਿਨ ਹੇਠਲੇ ਸਦਨ ਵਿੱਚ ਪ੍ਰਸ਼ਨ ਕਾਲ ਵਿੱਚ ਵਿਘਨ ਪਿਆ।
ਬਿਹਾਰ ਵਿੱਚ ਜਾਰੀ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਦੇ ਮੁੱਦੇ ’ਤੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਸਿਰਫ਼ ਪੰਜ ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਮੀਟਿੰਗ ਦੀ ਸ਼ੁਰੂਆਤ ਵਿੱਚ, ਲੋਕ ਸਭਾ ਸਪੀਕਰ ਓਮ ਬਿਰਲਾ ਨੇ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਦੀ ਵਰ੍ਹੇਗੰਢ ਦਾ ਜ਼ਿਕਰ ਕੀਤਾ ਅਤੇ ਸਦਨ ਨੇ ਇਸ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਪਲ ਦਾ ਮੌਨ ਰੱਖਿਆ।
ਇਸ ਤੋਂ ਬਾਅਦ, ਜਿਵੇਂ ਹੀ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ, ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ‘SIR ਵਾਪਸ ਲਓ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪ੍ਰਦਰਸ਼ਨਕਾਰੀ ਮੈਂਬਰਾਂ ਵੱਲੋਂ ਤਖ਼ਤੀਆਂ ਦਿਖਾਉਣ ਅਤੇ ਨਾਅਰੇਬਾਜ਼ੀ ਕਰਨ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਬਿਰਲਾ ਨੇ ਕਿਹਾ, ‘‘ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸਦਨ ਵਿਚ ਯੋਜਨਾਬੱਧ ਤਰੀਕੇ ਨਾਲ ਵਿਘਨ ਪਾਇਆ ਜਾ ਰਿਹਾ ਹੈ। ਅਸਹਿਮਤੀ ਪ੍ਰਗਟ ਕਰਨ ਦਾ ਇਹ ਤਰੀਕਾ ਸਹੀ ਨਹੀਂ ਹੈ।’’ ਮੈਂਬਰਾਂ ਨੂੰ ਪ੍ਰਸ਼ਨ ਕਾਲ ਜਾਰੀ ਰਹਿਣ ਦੇਣ ਦੀ ਅਪੀਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਮੈਂਬਰਾਂ ਦਾ ਸਮਾਂ ਹੈ ਜਿਸ ਵਿੱਚ ਉਹ ਸਵਾਲ ਪੁੱਛਦੇ ਹਨ ਅਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਦੇ ਹਨ। ਬਿਰਲਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਜਿਸ ਵੀ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੇ ਹਨ, ਉਸ ਦਾ ਫੈਸਲਾ ਸਰਕਾਰ ਨਾਲ ਗੱਲ ਕਰ ਕੇ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਨੂੰ ਜਮੂਦ ਖ਼ਤਮ ਕਰਨਾ ਚਾਹੀਦਾ ਹੈ। ਇਸ ਦੌਰਾਨ, ਉਨ੍ਹਾਂ ਨੇ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੂੰ ਪੂਰਕ ਸਵਾਲ ਦਾ ਜਵਾਬ ਦੇਣ ਲਈ ਕਿਹਾ, ਪਰ ਜਦੋਂ ਹੰਗਾਮਾ ਨਹੀਂ ਰੁਕਿਆ, ਤਾਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਸਵੇਰੇ 11:05 ਵਜੇ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਸੰਸਦ ਦਾ ਮੌਨਸੂਨ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਅੱਜ ਹੇਠਲੇ ਸਦਨ ਵਿੱਚ ਲਗਾਤਾਰ ਪੰਜਵੇਂ ਦਿਨ ਪ੍ਰਸ਼ਨ ਕਾਲ ਨਹੀਂ ਹੋ ਸਕਿਆ।
ਉਧਰ ਰਾਜ ਸਭਾ ਵਿਚ ਵੀ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਰੌਲਾ ਰੱਪਾ ਜਾਰੀ ਰਿਹਾ। ਉਪ ਚੇਅਰਮੈਨ ਵੱਲੋਂ ਮੁਲਤਵੀ ਨੋਟਿਸਾਂ ਨੂੰ ਰੱਦ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਤੱਕ ਤੇ ਮਗਰੋਂ ਪੰਜ ਮਿੰਟ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਸਵੇਰ ਦੇ ਸੈਸ਼ਨ (ਸਿਫਰ ਕਾਲ) ਦੌਰਾਨ, ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਦੇ ਤਹਿਤ 28 ਨੋਟਿਸ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ SIR, ਦੂਜੇ ਰਾਜਾਂ ਵਿੱਚ ਬੰਗਾਲੀ ਪਰਵਾਸੀ ਮਜ਼ਦੂਰਾਂ ਨਾਲ ਕਥਿਤ ਵਿਤਕਰਾ, ਅਤੇ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਨੇ ਸਾਰੇ ਮੁਲਤਵੀ ਨੋਟਿਸਾਂ ਨੂੰ ਰੱਦ ਕਰ ਦਿੱਤਾ, ਅਤੇ ਭਾਜਪਾ ਸੰਸਦ ਮੈਂਬਰ ਘਨਸ਼ਿਆਮ ਤਿਵਾੜੀ ਨੂੰ ਸਿਫ਼ਰ ਕਾਲ ਦੌਰਾਨ ਬੋਲਣ ਦਾ ਸੱਦਾ ਦਿੱਤਾ। ਇਸ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੁਲਤਵੀ ਨੋਟਿਸਾਂ ਨੂੰ ਰੱਦ ਕਰਨ ਦੇ ਫੈਸਲੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਚੇਅਰਪਰਸਨ ਨੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਸਦਨ ਦੁਪਹਿਰੇ 12 ਵਜੇ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਦਾ ਰੌਲਾ ਰੱਪਾ ਮੁੜ ਜਾਰੀ ਰਿਹਾ ਤਾਂ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
July 25, 2025 12:21 pm
ਵਿਰੋਧੀ ਧਿਰਾਂ ਵੱਲੋਂ ਜਾਰੀ ਰੌਲੇ ਰੱਪੇ ਦਰਮਿਾਨ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
July 25, 2025 11:31 am
ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕਾਰਵਾਈ ਵਿੱਚ ਵਿਘਨ ਪਾਉਣ ਤੋਂ ਬਾਅਦ ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
July 25, 2025 11:22 am
ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਤਾਮਿਲਨਾਡੂ ਤੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ।