Parliament Monsoon Session: ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨ ਦਿਨ ਭਰ ਲਈ ਉਠਾਏ
ਮੌਨਸੂਨ ਇਜਲਾਸ ਦਾ ਪਹਿਲਾ ਦਿਨ ਹੰਗਾਮਾਖੇਜ਼ ਰਹਿਣ ਮਗਰੋਂ ਅੱਜ ਦੂਜਾ ਦਿਨ ਵੀ ਦੋਵਾਂ ਸਦਨਾਂ ਲਈ ਹੰਗਾਮਾ ਭਰਪੂਰ ਰਿਹਾ, ਜਿਸ ਕਾਰਨ ਬਾਅਦ ਦੁਪਹਿਰ ਦੋ ਵਜੇ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਖਰਾਬ ਸਿਹਤ ਦੇ ਹਵਾਲੇ ਨਾਲ ਸੋਮਵਾਰ ਦੇਰ ਰਾਤ ਦਿੱਤੇ ਅਸਤੀਫੇ ਮਗਰੋਂ ਰਾਜ ਸਭਾ ਦੀ ਕਾਰਵਾਈ ਡਿਪਟੀ ਚੇਅਰਮੈਨ ਵੱਲੋਂ ਚਲਾਈ ਗਈ।
ਦੋਵਾਂ ਸਦਨਾਂ ਦੀ ਕਾਰਵਾਈ ਜਿਵੇਂ ਹੀ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਨੇ ਹਾਲੀਆ ਪਹਿਲਗਾਮ ਦਹਿਸ਼ਤੀ ਹਮਲੇ ਤੇ ਅਪਰੇਸ਼ਨ ਸਿੰਧਰੂ ਬਾਰੇ ਚਰਚਾ ਦੀ ਆਪਣੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੌਲਾ ਰੱਪਾ ਬੰਦ ਨਾ ਹੋਇਆ ਤਾਂ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਤੇ ਮਗਰੋਂ ਬਾਅਦ ਦੁਪਹਿਰ ਦੋ ਵਜੇ ਤੱਕ ਲਈ ਉਠਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ 2 ਵਜੇ ਸੰਸਦ ਮੁੜ ਜੁੜੀ ਤਾਂ ਵੀ ਦੋਵੇਂ ਸਦਨਾਂ ਵਿਚ ਹੰਗਾਮਾ ਜਾਰੀ ਰਿਹਾ, ਜਿਸ ਕਾਰਨ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ।
ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਖਿਲਾਫ਼ ਸੰਸਦ ਦੇ ਬਾਹਰ ਹੱਥਾਂ ਵਿਚ ਤਖਤੀਆਂ ਲੈ ਕੇ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਪੰਜਾਬ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਪ੍ਰਿਯੰਕਾ ਗਾਂਧੀ ਵਾਡਰਾ, ਕੇਸੀ ਵੇਣੂਗੋਪਾਲ, ਕੰਨੀਮੋੜੀ ਕਰੁਣਾਨਿਧੀ ਆਦਿ ਸ਼ਾਮਲ ਸਨ।
ਕਾਬਿਲੇਗੌਰ ਹੈ ਕਿ ਇੱਕ ਵੱਡੇ ਘਟਨਾਕ੍ਰਮ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੋਮਵਾਰ ਦੇਰ ਸ਼ਾਮ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ। ਪਹਿਲੇ ਦਿਨ ਰਾਜ ਸਭਾ ਦੀ ਪ੍ਰਧਾਨਗੀ ਕਰਨ ਵਾਲੇ ਧਨਖੜ ਨੇ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਤ ਮਹਾਂਦੋਸ਼ ਦੀ ਕਾਰਵਾਈ ’ਤੇ ਸਦਨ ਨੂੰ ਸੰਬੋਧਨ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਧਨਖੜ ਅੱਜ ਰਾਜ ਸਭਾ ਵਿੱਚ ਸ਼ਾਮਲ ਨਹੀਂ ਹੋ ਸਕਦੇ ਅਤੇ ਉਨ੍ਹਾਂ ਦੇ ਵਿਦਾਇਗੀ ਭਾਸ਼ਣ ਦੇਣ ਦੀ ਸੰਭਾਵਨਾ ਨਹੀਂ ਹੈ। 21 ਜੁਲਾਈ ਤੋਂ 21 ਅਗਸਤ ਤੱਕ ਚੱਲਣ ਵਾਲੇ ਮੌਨਸੂਨ ਸੈਸ਼ਨ ਵਿੱਚ 32 ਦਿਨਾਂ ਵਿੱਚ 21 ਬੈਠਕਾਂ ਸ਼ਾਮਲ ਹਨ। ਦੋਵੇਂ ਸਦਨ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 12-17 ਅਗਸਤ ਤੱਕ ਬ੍ਰੇਕ ਲੈਣਗੇ ਅਤੇ 18 ਅਗਸਤ ਨੂੰ ਮੁੜ ਸ਼ੁਰੂ ਹੋਣਗੇ।
ਲੋਕ ਸਭਾ ’ਚ ਬਿਹਾਰ SIR ਮੁੱਦੇ ’ਤੇ ਹੰਗਾਮਾ, ਹੇਠਲੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
July 22, 2025 12:40 pm
ਮੰਗਲਵਾਰ ਨੂੰ ਲੋਕ ਸਭਾ ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ (SIR) ਸਮੇਤ ਕਈ ਮੁੱਦਿਆਂ ’ਤੇ ਹੰਗਾਮਾ ਕੀਤਾ।
ਰਾਜ ਸਭਾ 2 ਵਜੇ ਤੱਕ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਸਿਫਰ ਤੇ ਪ੍ਰਸ਼ਨ ਕਾਲ
July 22, 2025 12:35 pm
ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਇੱਕ ਵਾਰ ਮੁਲਤਵੀ ਕਰਨ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਕਾਰਨ ਉਪਰਲੇ ਸਦਨ ਵਿੱਚ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ।
ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਅੱਤਲ
July 22, 2025 11:37 am
ਕੰਮ ਰੋਕੂ ਮਤਿਆਂ ਸਬੰਧੀ ਨੋਟਿਸ ਰੱਦ ਕਰਨ ਮਗਰੋਂ ਵਿਰੋਧੀ ਧਿਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਦਰਮਿਆਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਅੱਤਲ।
ਲੋਕ ਸਭ ਦੀ ਕਾਰਵਾਈ 12 ਵਜੇ ਤੱਕ ਮੁਲਤਵੀ, ਵਿਰੋਧੀ ਧਿਰਾਂ ਅਪਰੇਸ਼ਨ ਸਿੰਧੂਰ ਸਣੇ ਹੋਰਨਾਂ ਮੁੱਦਿਆਂ ’ਤੇ ਚਰਚਾ ਲਈ ਬਜ਼ਿੱਦ
July 22, 2025 11:33 am
ਵਿਰੋਧੀ ਧਿਰਾਂ ਅਪਰੇਸ਼ਨ ਸਿੰਧੂਰ ਤੇ ਹੋਰਨਾਂ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਬਜ਼ਿੱਦ, ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ