ਮਹਿਲਾ ਕ੍ਰਿਕਟ: ਭਾਰਤ ਨੇ ਆਸਟਰੇਲੀਆ ਨੂੰ 102 ਦੌੜਾਂ ਨਾਲ ਹਰਾਇਆ
ਸਮ੍ਰਿਤੀ ਮੰਧਾਨਾ ਨੇ ਜਡ਼ਿਆ ਸੈਂਕਡ਼ਾ; ਤਿੰਨ ਮੈਚਾਂ ਦੀ ਲਡ਼ੀ 1-1 ਨਾਲ ਬਰਾਬਰ
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਸ਼ਾਨਦਾਰ ਸੈਂਕੜੇ ਸਦਕਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ ਵਿੱਚ ਆਸਟਰੇਲੀਆ ਨੂੰ 102 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਆਸਟਰੇਲੀਆ ਦੀ ਇੱਕ ਰੋਜ਼ਾ ਇਤਿਹਾਸ ਵਿੱਚ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਹਾਰ ਹੈ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 292 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ 190 ਦੌੜਾਂ ’ਤੇ ਹੀ ਢੇਰ ਹੋ ਗਈ।
ਸਮ੍ਰਿਤੀ ਮੰਧਾਨਾ ਨੇ 91 ਗੇਂਦਾਂ ’ਤੇ 14 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 117 ਦੌੜਾਂ ਦੀ ਪਾਰੀ ਖੇਡੀ। ਇਹ ਕਿਸੇ ਭਾਰਤੀ ਖਿਡਾਰਨ ਵੱਲੋਂ ਲਾਇਆ ਗਿਆ ਦੂਜਾ ਸਭ ਤੋਂ ਤੇਜ਼ ਇੱਕ ਰੋਜ਼ਾ ਸੈਂਕੜਾ ਹੈ। ਮੰਧਾਨਾ ਤੋਂ ਇਲਾਵਾ ਦੀਪਤੀ ਸ਼ਰਮਾ ਨੇ 40 ਅਤੇ ਸਨੇਹ ਰਾਣਾ ਨੇ 24 ਦੌੜਾਂ ਦਾ ਯੋਗਦਾਨ ਪਾਇਆ।
293 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਹੇਠ ਆ ਗਈ। ਰੇਣੂਕਾ ਠਾਕੁਰ ਨੇ ਆਸਟਰੇਲੀਆ ਨੂੰ ਸ਼ੁਰੂਆਤੀ ਝਟਕਾ ਦਿੱਤਾ, ਜਿਸ ਤੋਂ ਬਾਅਦ ਕ੍ਰਾਂਤੀ ਗੌੜ ਨੇ ਖ਼ਤਰਨਾਕ ਐਲਿਸਾ ਹੀਲੀ ਨੂੰ ਪੈਵੇਲੀਅਨ ਭੇਜਿਆ। ਕ੍ਰਾਂਤੀ ਗੌੜ ਨੇ ਸਭ ਤੋਂ ਵੱਧ 3 ਵਿਕਟਾਂ ਲਈਆ। ਆਸਟਰੇਲੀਆ ਵੱਲੋਂ ਐਨਾਬੇਲ ਸਦਰਲੈਂਡ (45) ਅਤੇ ਐਲਿਸੇ ਪੈਰੀ (44) ਨੇ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੀਆਂ। ਹੁਣ ਲੜੀ ਦਾ ਫੈਸਲਾਕੁਨ ਮੈਚ 20 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਖੇਡਿਆ ਜਾਵੇਗਾ, ਜਿੱਥੇ ਦੋਵੇਂ ਟੀਮਾਂ ਲੜੀ ’ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰਨਗੀਆਂ।

