ਜੂਨੀਅਰ ਵਿਸ਼ਵ ਕੱਪ ਲਈ ਭਾਰਤ ਆਵੇਗੀ ਪਾਕਿਸਤਾਨੀ ਹਾਕੀ ਟੀਮ
ਪਾਕਿਸਤਾਨ ਦੀ ਹਾਕੀ ਟੀਮ ਇਸ ਸਾਲ ਦੇ ਅਖ਼ੀਰ ਵਿੱਚ ਭਾਰਤ ਦਾ ਦੌਰਾ ਕਰੇਗਾ। ਉਹ ਇੱਥੇ ਐਫਆਈਐਚ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਆਵੇਗੀ। ਇਸ ਦੀ ਪੁਸ਼ਟੀ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾਨਾਥ ਨੇ ਕੀਤੀ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੇ ਚੱਲਦਿਆਂ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਬਿਹਾਰ ’ਚ ਚੱਲ ਰਹੇ ਏਸ਼ੀਆ ਕੱਪ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ।
ਹਾਕੀ ਇੰਡੀਆ ਦੇ ਸਕੱਤਰ ਜਨਰਲ ਨੇ ਕਿਹਾ,“ਪਾਕਿਸਤਾਨ ਟੀਮ ਜੂਨੀਅਰ ਵਿਸ਼ਵ ਕੱਪ ਲਈ ਭਾਰਤ ਆ ਰਹੀ ਹੈ। ਟੀਮ ਨੇ ਬੀਤੀ ਰਾਤ ਸਾਨੂੰ ਇਸ ਦੀ ਪੁਸ਼ਟੀ ਕੀਤੀ। 24 ਦੇਸ਼ਾਂ ਵਿੱਚੋਂ ਸਾਨੂੰ 23 ਦੇਸ਼ਾਂ ਤੋਂ ਸੂਚੀ ਪ੍ਰਾਪਤ ਹੋਈ ਹੈ। ਸਿਰਫ਼ ਪਾਕਿਸਤਾਨ ਬਾਕੀ ਹੈ, ਜਿਸ ਦੀ ਸੂਚੀ ਸਾਨੂੰ ਇੱਕ ਜਾਂ ਦੋ ਦਿਨ ਵਿੱਚ ਮਿਲਣ ਦੀ ਉਮੀਦ ਹੈ।”
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਇੱਕ ਨੀਤੀ ਬਣਾਈ ਹੈ ਕਿ ਉਹ ਪਾਕਿਸਤਾਨ ਨਾਲ ਕੋਈ ਦੁਵੱਲੇ ਖੇਡ ਸਬੰਧ ਨਹੀਂ ਰੱਖੇਗੀ ਪਰ ਭਾਰਤੀ ਟੀਮਾਂ ਨੂੰ ਬਹੁ-ਕੌਮਾਂਤਰੀ ਮੁਕਾਬਲਿਆਂ ਵਿੱਚ ਪਾਕਿਸਤਾਨ ਖਿਲਾਫ਼ ਮੁਕਾਬਲਾ ਖੇਡਣ ਤੋਂ ਨਹੀਂ ਰੋਕੇਗੀ।