ਭਾਰਤ ਵਿੱਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟਿਆ ਪਾਕਿਸਤਾਨ !
Junior Hockey World Cup: 22 ਅਪਰੈਲ ਨੂੰ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਵਿਗੜੇ ਸਨ ਰਿਸ਼ਤੇ; ਖੇਡ ਸੰਬੰਧਾਂ ’ਤੇ ਦਿਖ ਰਿਹਾ ਅਸਰ
Junior Hockey World Cup: ਪਾਕਿਸਤਾਨ ਨੇ 28 ਨਵੰਬਰ ਤੋਂ 10 ਦਸੰਬਰ 2025 ਤੱਕ ਚੇਨਈ ਅਤੇ ਮਦੁਰਾਈ ਵਿੱਚ ਹੋਣ ਵਾਲੇ ਐਫਆਈਐਚ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ। ਕੌਮਾਂਤਰੀ ਹਾਕੀ ਮਹਾਸੰਘ (ਐਫਆਈਐਚ) ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।
ਐਫਆਈਐਚ ਨੇ ਬਿਆਨ ਵਿੱਚ ਕਿਹਾ, “ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫਆਈਐਚ) ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਭਾਰਤ ਦੇ ਤਾਮਿਲਨਾਡੂ ਵਿੱਚ ਹੋਣ ਵਾਲੇ ਐਫਆਈਐਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲਵੇਗੀ, ਜਿਸ ਲਈ ਪਾਕਿਸਤਾਨ ਨੇ ਕੁਆਲੀਫਾਈ ਕੀਤਾ ਸੀ।”
ਬਿਆਨ ਵਿੱਚ ਕਿਹਾ ਗਿਆ ਹੈ, “ਟੂਰਨਾਮੈਂਟ ਲਈ ਪਾਕਿਸਤਾਨ ਦੀ ਜਗ੍ਹਾ ਲੈਣ ਵਾਲੀ ਟੀਮ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।”
ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਅਤੇ ਉਸ ਤੋਂ ਬਾਅਦ ਆਪਰੇਸ਼ਨ ਸਿੰਧੂਰ ਵਜੋਂ ਜਾਣੇ ਜਾਂਦੇ ਭਾਰਤੀ ਜਵਾਬੀ ਕਾਰਵਾਈ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਬੰਧ ਪ੍ਰਭਾਵਿਤ ਹੋਏ ਹਨ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਉਹ ਪਾਕਿਸਤਾਨ ਨਾਲ ਦੁਵੱਲੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਵੇਗਾ, ਪਰ ਬਹੁ-ਰਾਸ਼ਟਰੀ ਟੂਰਨਾਮੈਂਟਾਂ ਵਿੱਚ ਉਸ ਨਾਲ ਮੁਕਾਬਲੇ ਜਾਰੀ ਰੱਖੇਗਾ।

