ਏਸ਼ੀਆ ਕੱਪ ਹਾਕੀ: ਭਾਰਤ ਤੇ ਕੋਰੀਆ ਵਿਚਾਲੇ ਮੈਚ 2-2 ਨਾਲ ਡਰਾਅ
ਇੱਥੇ ਅੱਜ ਭਾਰਤ ਤੇ ਕੋਰੀਆ ਵਿਚਾਲੇ ਖੇਡਿਆ ਗਿਆ ਏਸ਼ੀਆ ਕੱਪ ਹਾਕੀ ਦਾ ਸੁਪਰ-4 ਮੁਕਾਬਲਾ 2-2 ਨਾਲ ਡਰਾਅ ਰਿਹਾ। ਇਸ ਤਰ੍ਹਾਂ ਦੋਵਾਂ ਟੀਮਾਂ ਨੂੰ 1-1 ਅੰਕ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਸੁਪਰ-4 ਦੇ ਇੱਕ ਹੋਰ ਮੈਚ ਵਿੱਚ ਮਲੇਸ਼ੀਆ ਨੇ ਚੀਨ ਨੂੰ 2-0 ਨਾਲ ਹਰਾ ਕੇ ਫਾਈਨਲ ਵੱਲ ਆਪਣਾ ਕਦਮ ਵਧਾਇਆ। ਅੰਕ ਸੂਚੀ ਵਿੱਚ ਮਲੇਸ਼ੀਆ ਤਿੰਨ ਅੰਕਾਂ ਨਾਲ ਸਿਖਰ ’ਤੇ, ਜਦਕਿ ਭਾਰਤ ਇੱਕ ਅੰਕ ਨਾਲ ਦੂਜੇ ਸਥਾਨ ’ਤੇ ਹੈ। ਵੀਰਵਾਰ ਨੂੰ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ, ਜਦਕਿ ਚੀਨ ਦਾ ਮੁਕਾਬਲਾ ਕੋਰੀਆ ਨਾਲ ਹੋਵੇਗਾ।
ਮੈਚ ਵਿੱਚ ਭਾਰਤ ਲਈ ਹਾਰਦਿਕ ਸਿੰਘ ਨੇ ਅੱਠਵੇਂ ਅਤੇ ਮਨਦੀਪ ਸਿੰਘ ਨੇ 52ਵੇਂ ਮਿੰਟ ਵਿੱਚ ਗੋਲ ਕੀਤਾ। ਇਸੇ ਤਰ੍ਹਾਂ ਕੋਰੀਆ ਲਈ ਯਾਂਗ ਜਿਹੁਨ ਨੇ 12ਵੇਂ ਤੇ ਕਿਮ ਹਿਓਨਹੋਂਗ ਨੇ 14ਵੇਂ ਮਿੰਟ ਵਿੱਚ ਗੋਲ ਕੀਤਾ।
ਪਹਿਲੇ 7 ਮਿੰਟ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। 8ਵੇਂ ਮਿੰਟ ਵਿੱਚ ਹਾਰਦਿਕ ਸਿੰਘ ਨੇ ਗੋਲ ਕਰਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਫਿਰ ਕੋਰੀਆ ਨੇ 12ਵੇਂ ਮਿੰਟ ਵਿੱਚ ਯਾਂਗ ਜਿਹੁਨ ਦੇ ਪੈਨਲਟੀ ਸਟ੍ਰੋਕ ਅਤੇ 14ਵੇਂ ਮਿੰਟ ਵਿੱਚ ਕਿਮ ਹਿਓਨਹੋਂਗ ਦੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ 2-1 ਦੀ ਲੀਡ ਲਈ।
ਦੂਜੇ ਅਤੇ ਤੀਜੇ ਕੁੁਆਰਟਰ ਵਿੱਚ ਗੋਲੀ ਟੀਮ ਗੋਲ ਨਹੀਂ ਕਰ ਸਕੀ। ਚੌਥੇ ਕੁਆਰਟਰ ਵਿੱਚ ਭਾਰਤ ਲਈ ਮਨਦੀਪ ਨੇ 52ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਕਰ ਦਿੱਤਾ ਤੇ ਇਸੇ ਸਕੋਰ ਲਾਈਨ ਨਾਲ ਮੈਚ ਖਤਮ ਹੋਇਆ।