ਜ਼ਾਂਬੀਆ ਵੱਲੋਂ ਸਾਬਕਾ ਰਾਸ਼ਟਰਪਤੀ ਦੀਆਂ ਅੰਤਿਮ ਰਸਮਾਂ ਰੋਕਣ ਦੀ ਕੋਸ਼ਿਸ਼
ਜੌਹੈਨਸਬਰਗ (ਦੱਖਣੀ ਅਫ਼ਰੀਕਾ), 25 ਜੂਨ
ਜ਼ਾਂਬੀਆ ਸਰਕਾਰ ਵੱਲੋਂ ਸਾਬਕਾ ਰਾਸ਼ਟਰਪਤੀ ਐਡਗਰ ਲੁੰਗੂ ਨੂੰ ਦੱਖਣੀ ਅਫਰੀਕਾ ’ਚ ਦਬਾਉਣ ਦੀਆਂ ਰਸਮਾਂ ਨਿੱਜੀ ਤੌਰ ’ਤੇ ਅਦਾ ਕਰਨ ਤੋਂ ਰੋਕਣ ਦੀ ਮੰਗ ਲਈ ਲੰਘੇ ਦਿਨ ਅਦਾਲਤ ’ਚ ਅਰਜ਼ੀ ਦਾਖਲ ਕੀਤੀ ਗਈ। ਇਸ ’ਤੇ ਸੁਣਵਾਈ ਉਨ੍ਹਾਂ ਦੀਆਂ ਅੰਤਿਮ ਰਸਮਾਂ ਸ਼ੁਰੂ ਹੋਣ ਤੋਂ ਲਗਪਗ ਇੱਕ ਘੰਟਾ ਪਹਿਲਾਂ ਸੁਣਵਾਈ। ਅੰਤਿਮ ਰਸਮਾਂ ਜੌਹੈਨਸਬਰਗ ਦੇ ਚਰਚ ਵਿੱਚ ਹੋਣੀਆਂ ਸਨ।
ਜ਼ਾਂਬੀਆ ਸਰਕਾਰ, ਸਾਬਕਾ ਰਾਸ਼ਟਰਪਤੀ ਲੁੰਗੂ ਦੀਆਂ ਅੰਤਿਮ ਰਸਮਾਂ ਦੇਸ਼ ’ਚ ਸਰਕਾਰੀ ਸਨਮਾਨਾਂ ਨਾਲ ਅਦਾ ਕਰਨਾ ਚਾਹੁੰਦੀ ਹੈ ਪਰ ਉਨ੍ਹਾਂ ਦੇ ਪਰਿਵਾਰ ਨੇ ਮੁਲਕ ਦੇ ਮੌਜੂਦਾ ਰਾਸ਼ਟਰਪਤੀ ਹਾਕੈਂਡੇ ਹਿਚੀਲੈਮਾ ਨਾਲ ਆਪਣੇ ਰਾਜਨੀਤਕ ਵਿਵਾਦ ਕਾਰਨ ਇਸ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਲੁੰਗੂੁ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ ਕਾਲੇ ਕੱਪੜੇ ਪਹਿਨੇ ਹੋਏ ਸਨ, ਸੁਣਵਾਈ ਲਈ ਦੱਖਣੀ ਅਫ਼ਰੀਕਾ ਦੀ ਪ੍ਰਸ਼ਾਸਨਿਕ ਰਾਜਧਾਨੀ ਪ੍ਰੀਟੋਰੀਆ ਦੀ ਅਦਾਲਤ ’ਚ ਪਹੁੰਚੇ, ਜਿੱਥੇ ਇਹ ਫ਼ੈਸਲਾ ਹੋਣਾ ਹੈ ਕਿ ਕੀ ਐਡਗਰ ਲੁੰਗੂ ਨੂੰ ਦਫ਼ਨਾਇਆ ਜਾ ਸਕਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਜੱਜ ਵੱਲੋਂ ਫ਼ੈਸਲਾ ਕਦੋਂ ਸੁਣਾਇਆ ਜਾਵੇਗਾ। ਦੱਸਣਯੋਗ ਹੈ ਕਿ ਐਡਗਰ ਲੁੰਗੂ (68) ਜੋ 2015 ਤੋਂ 2021 ਤੋਂ ਰਾਸ਼ਟਰਪਤੀ ਰਹੇ ਹਨ, ਦਾ ਲੰਘੀ 5 ਜੂਨ ਨੂੰ ਕਿਸੇ ਅਣਦੱਸੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਸਾਬਕਾ ਰਾਸ਼ਟਰਪਤੀ ਨੂੰ ਦਫ਼ਨਾਉਣ ਸਬੰਧੀ ਵੇਰਵਿਆਂ ’ਤੇ ਅਸਹਿਮਤੀ ਕਾਰਨ ਜ਼ਾਂਬੀਆ ਵਿੱਚ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਸਮਾਗਮ ਦੋ ਵਾਰ ਰੱਦ ਕਰ ਦਿੱਤਾ ਗਿਆ ਸੀ। ਐਡਗਰ ਲੁੰਗੂ ਦੇ ਪਰਿਵਾਰ ਤੇ ਵਕੀਲਾਂ ਨੇ ਕਿਹਾ ਕਿ ਲੁੰਗੂ ਨੇ ਸਪੱਸ਼ਟ ਕੀਤਾ ਸੀ ਕਿ ਹਿਚੀਲੈਮਾ ਉਨ੍ਹਾਂ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਨਹੀਂ ਹੋਣੇ ਚਾਹੀਦੇ ਦੂਜੇ ਪਾਸੇ ਹਿਚੀਲੈਮਾ ਨੇ ਕਿਹਾ ਕਿ ਉਹ ਸਰਕਾਰੀ ਤੌਰ ’ਤੇ ਹੋਣ ਵਾਲੇ ਅੰਤਿਮ ਵਿਦਾਇਗੀ ਸਮਾਗਮ ਦੀ ਅਗਵਾਈ ਕਰਨਗੇ। -ਏਪੀ