ਦੱਖਣੀ ਕੋਰੀਆ ਨੂੰ ਕਦੇ ਵੀ ਕੂਟਨੀਤਕ ਭਾਈਵਾਲ ਨਹੀਂ ਮੰਨਾਂਗੇ: ਕਿਮ ਯੋ ਜੌਂਗ
ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੀ ਭੈਣ ਕਿਮ ਯੋ ਜੌਂਗ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਦੀ ਵੀ ਦੱਖਣੀ ਕੋਰੀਆ ਨੂੰ ਕੂਟਨੀਤਕ ਗੱਲਬਾਤ ਲਈ ਭਾਈਵਾਲ ਵਜੋਂ ਨਹੀਂ ਦੇਖੇਗਾ। ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੇ ਇਸ ਬਿਆਨ ਨੂੰ ਸਿਓਲ ਵੱਲੋਂ ਸਬੰਧ ਸੁਧਾਰਨ ਦੀ ਨਵੀਂ ਕੋਸ਼ਿਸ਼ ’ਤੇ ਤਾਜ਼ਾ ਟਿੱਪਣੀ ਵਜੋਂ ਦੇਖਿਆ ਜਾ ਰਿਹਾ ਹੈ। ਕਿਮ ਜੌਂਗ ਉਨ ਦੀ ਵਿਦੇਸ਼ ਨੀਤੀ ਦੇ ਸਿਖਰਲੇ ਅਧਿਕਾਰੀਆਂ ’ਚੋਂ ਇੱਕ ਕਿਮ ਯੋ ਜੌਂਗ ਨੇ ਦੱਖਣੀ ਕੋਰੀਆ ਤੇ ਅਮਰੀਕਾ ਦੇ ਜਾਰੀ ਜੰਗੀ ਅਭਿਆਸ ਨੂੰ ਹਮਲੇ ਦੀ ਤਿਆਰੀ ਦੱਸਿਆ ਅਤੇ ਕਿਹਾ ਕਿ ਸ਼ਾਂਤੀ ਦੀਆਂ ਕੋਸ਼ਿਸ਼ਾਂ ਪਿੱਛੇ ਸਿਓਲ ਦੇ ਉੱਤਰੀ ਕੋਰੀਆ ਖ਼ਿਲਾਫ਼ ‘ਮਾੜੇ ਇਰਾਦੇ ਲੁਕੇ’ ਹੋਏ ਹਨ। ਉੱਤਰੀ ਕੋਰੀਆ ਦੀ ਸਰਕਾਰੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇਸੀਐੱਨਏ) ਨੇ ਦੱਸਿਆ ਕਿ ਉਨ੍ਹਾਂ ਇਹ ਟਿੱਪਣੀ ਬੀਤੇ ਦਿਨ ਵਿਦੇਸ਼ ਮੰਤਰਾਲੇ ਦੇ ਸਿਖਰਲੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕੀਤੀ। ਇਸ ਮੀਟਿੰਗ ’ਚ ਉਨ੍ਹਾਂ ਇਸ ਮੀਟਿੰਗ ਦੌਰਾਨ ਵਿਰੋਧੀਆਂ ਤੋਂ ਲਗਾਤਾਰ ਖਤਰਿਆਂ ਤੇ ਤੇਜ਼ੀ ਨਾਲ ਬਦਲਦੇ ਭੂ-ਰਾਜਨੀਤਕ ਹਾਲਾਤ ਵਿਚਾਲੇ ਆਪਣੇ ਭਰਾ ਦੀਆਂ ਕੂਟਨੀਤਕ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਲੰਘੇ ਸੋਮਵਾਰ ਨੂੰ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਦੱਖਣੀ ਕੋਰੀਆ ਤੇ ਅਮਰੀਕਾ ਵਿਚਾਲੇ ਜਾਰੀ ਜੰਗੀ ਅਭਿਆਸ ਦੀ ਨਿੰਦਾ ਕੀਤੀ ਸੀ ਅਤੇ ਨਾਲ ਹੀ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦੇਸ਼ ਦੀ ਪਰਮਾਣੂ ਤਾਕਤ ਨੂੰ ਤੇਜ਼ੀ ਨਾਲ ਵਧਾਉਣ ਦਾ ਅਹਿਦ ਲਿਆ ਸੀ।