ਇਜ਼ਰਾਇਲੀ ਹਮਲਿਆਂ ਖਿਲਾਫ਼ ਇਰਾਨ ਨਾਲ ਖੜ੍ਹੇ ਹਾਂ: ਸ਼ਰੀਫ਼
ਪਾਕਿ ਪ੍ਰਧਾਨ ਮੰਤਰੀ ਨੇ ਇਰਾਨੀ ਰਾਸ਼ਟਰਪਤੀ ਨੂੰ ਫੋਨ ਕਰਕੇ ਇਕਮੁੱਠਤਾ ਜਤਾਈ
ਇਸਲਾਮਾਬਾਦ, 15 ਜੂਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੂੰ ਫੋਨ ਕਰਕੇ ਇਜ਼ਰਾਇਲੀ ਹਮਲਿਆਂ ਖਿਲਾਫ਼ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ। ਸ਼ਰੀਫ ਨੇ ਇਜ਼ਰਾਇਲੀ ਹਮਲਿਆਂ ਨੂੰ ‘ਭੜਕਾਊ’ ਕਰਾਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਇਸ ਮੁਸ਼ਕਲ ਘੜੀ ਵਿਚ ਇਰਾਨ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ਨੂੰ ਯੂਐੱਨ ਚਾਰਟਰ ਤਹਿਤ ਸਵੈ-ਰੱਖਿਆ ਦਾ ਅਧਿਕਾਰ ਹੈ। ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਹਮਲਿਆਂ ਵਿਚ ਇਰਾਨ ਦੇ ਕਈ ਸੀਨੀਅਰ ਫੌਜੀ ਕਮਾਂਡਰ ਤੇ ਪ੍ਰਮਾਣੂ ਵਿਗਿਆਨੀ ਮਾਰੇ ਗਏ ਸਨ। ਹਾਲਾਂਕਿ ਮਗਰੋਂ ਇਰਾਨ ਨੇ ਵੀ ਇਜ਼ਰਾਈਲ ਦੇ ਕਈ ਸ਼ਹਿਰਾਂ ’ਤੇ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਹਨ।
ਸ਼ਨਿੱਚਰਵਾਰ ਨੂੰ ਪੇਜ਼ੇਸ਼ਕੀਅਨ ਨਾਲ ਫੋਨ ’ਤੇ ਗੱਲਬਾਤ ਦੌਰਾਨ ਸ਼ਰੀਫ ਨੇ ਇਰਾਨ ’ਤੇ ਇਜ਼ਰਾਇਲੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਸ਼ਰੀਫ਼ ਨੇ ਕਿਹਾ ਕਿ ਇਜ਼ਰਾਇਲੀ ਹਮਲੇ ਇਰਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਅਤੇ ਸੰਯੁਕਤ ਰਾਸ਼ਟਰ ਚਾਰਟਰ ਤੇ ਕੌਮਾਂਤਰੀ ਕਾਨੂੰਨਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਸ਼ਰੀਫ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਜ਼ਰਾਈਲ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਕੀਤੇ ਹਮਲੇ ਖਿਲਾਫ਼ ਇਰਾਨ ਦੇ ਭਰਾਤਰੀ ਲੋਕਾਂ ਨਾਲ ਪਾਕਿਸਤਾਨ ਦੀ ਅਟੁੱਟ ਏਕਤਾ ਦਾ ਪ੍ਰਗਟਾਵਾ ਕਰਨ ਲਈ ਅੱਜ ਇਰਾਨ ਦੇ ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ ਨਾਲ ਗੱਲਬਾਤ ਕੀਤੀ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਰਾਨ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 51 ਤਹਿਤ ਸਵੈ-ਰੱਖਿਆ ਦਾ ਅਧਿਕਾਰ ਹੈ। ਸ਼ਰੀਫ਼ ਨੇ ਇਜ਼ਰਾਇਲੀ ਹਮਲਿਆਂ ਵਿੱਚ ਗਈਆਂ ਕੀਮਤੀ ਜਾਨਾਂ ’ਤੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਦਿਲੋਂ ਸੰਵੇਦਨਾ ਪ੍ਰਗਟ ਕਰਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਮੀਟਿੰਗ ਵਿੱਚ ਪਾਕਿਸਤਾਨ ਵੱਲੋਂ ਇਰਾਨ ਨੂੰ ਦਿੱਤੀ ਹਮਾਇਤ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕੌਮਾਂਤਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਨੂੰ ਇਜ਼ਰਾਈਲ ਦੇ ‘ਹਮਲਾਵਰ ਵਿਵਹਾਰ ਅਤੇ ਇਸ ਦੀਆਂ ਗੈਰਕਾਨੂੰਨੀ ਕਾਰਵਾਈਆਂ’ ਨੂੰ ਖਤਮ ਕਰਨ ਲਈ ਫੌਰੀ ਤੇ ਭਰੋਸੇਯੋਗ ਕਦਮ ਚੁੱਕਣ ਦੀ ਅਪੀਲ ਕੀਤੀ। -ਪੀਟੀਆਈ