‘ਵੰਦੇ ਮਾਤਰਮ’: ਭਾਰਤੀ ਦੂਤਘਰਾਂ ’ਚ ਜਸ਼ਨ ਮਨਾਏ
ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਪਰਵਾਸੀ ਭਾਰਤੀਆਂ ਵਿੱਚ ਏਕਤਾ ਤੇ ਕੌਮੀ ਮਾਣ ਦੀ ਭਾਵਨਾ ਪੈਦਾ ਕੀਤੀ
ਦੁਨੀਆ ਭਰ ਵਿੱਚ ਭਾਰਤੀ ਦੂਤਾਵਾਸਾਂ ਨੇ ਦੇਸ਼ ਦੇ ਰਾਸ਼ਟਰ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਮੂਹਿਕ ਗਾਨ, ਸਭਿਆਚਾਰਕ ਪ੍ਰੋਗਰਾਮਾਂ ਅਤੇ ਭਾਈਚਾਰਕ ਸਮਾਰੋਹਾਂ ਰਾਹੀਂ ਪਰਵਾਸੀ ਭਾਰਤੀਆਂ ਵਿੱਚ ਏਕਤਾ ਅਤੇ ਕੌਮੀ ਮਾਣ ਦੀ ਭਾਵਨਾ ਪੈਦਾ ਕੀਤੀ।
ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨੇ ਅੱਜ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ 7 ਨਵੰਬਰ ਨੂੰ ਭਾਰਤੀ ਪਰਵਾਸੀ ਵਿਦਿਆਰਥੀਆਂ ਵੱਲੋਂ ਸਮੂਹਿਕ ਗਾਨ ਗਾਉਂਦਿਆਂ ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ਮਨਾਈ ਗਈ। ਓਟਵਾ ਵਿੱਚ, ਹਾਈ ਕਮਿਸ਼ਨਰ ਕੇ ਪਟਨਾਇਕ ਨੇ ਭਾਰਤੀ ਪਰਵਾਸੀ ਮੈਂਬਰਾਂ ਅਤੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ‘ਵੰਦੇ ਮਾਤਰਮ’ ਗਾਇਆ। ਦੋਹਾ ਵਿੱਚ ਰਾਜਦੂਤ ਵਿਪੁਲ ਨੇ ਇਕ ਪ੍ਰੋਗਰਾਮ ’ਚ ਰਾਸ਼ਟਰ ਗੀਤ ਦੇ ਸਮੂਹਿਕ ਗਾਨ ਦੀ ਅਗਵਾਈ ਕੀਤੀ।
ਰਿਆਧ ’ਚ ਰਾਜਦੂਤ ਸੁਹੇਲ ਐਜਾਜ਼ ਖਾਨ ਨੇ ਭਾਰਤੀ ਭਾਈਚਾਰੇ ਦੇ ਨਾਲ ‘ਵੰਦੇ ਮਾਤਰਮ’ ਗਾਇਆ। ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪਰਥ ’ਚ ਇਕ ਸਮੂਹਿਕ ਸਭਾ ਕੀਤੀ ਜਿੱਥੇ ਹਾਈ ਕਮਿਸ਼ਨਰ ਡੀ ਪੀ ਸਿੰਘ ਨੇ ਰਾਸ਼ਟਰ ਗੀਤ ਦੀ ਅਗਵਾਈ ਕੀਤੀ। ਲੰਡਨ ’ਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਰਾਸ਼ਟਰ ਗੀਤ ਗਾ ਕੇ ਇਸ ਨੂੰ ਮਾਤ ਭੂਮੀ ਲਈ ਇਕ ਸਨਮਾਨ ਦੱਸਿਆ। ਇਸੇ ਤਰ੍ਹਾਂ ਨੇਪਾਲ, ਪੇਰੂ, ਚਿਲੀ, ਅਰਜਨਟੀਨਾ, ਕੋਲੰਬੀਆ, ਦੁਬਈ, ਸਿੰਗਾਪੁਰ ਅਤੇ ਦੱਖਣੀ ਅਫ਼ਰੀਕਾ ਸਣੇ ਕਈ ਹੋਰ ਦੇਸ਼ਾਂ ਦੇ ਭਾਰਤੀ ਮਿਸ਼ਨਾਂ ਨੇ ਵੀ ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਗਾਨ ਤੇ ਸਮੂਹਿਕ ਪ੍ਰੋਗਰਾਮ ਕੀਤੇ।

