DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ: ਟੈਕਸਾਸ ’ਚ ਹੜ੍ਹ ਕਾਰਨ 15 ਬੱਚਿਆਂ ਸਣੇ 51 ਦੀ ਮੌਤ

ਨਦੀ ਕਿਨਾਰੇ ਸਮਰ ਕੈਂਪ ’ਚੋਂ 27 ਲੜਕੀਆਂ ਲਾਪਤਾ; ਬਚਾਅ ਕਰਮੀ ਰਾਹਤ ਕਾਰਜਾਂ ’ਚ ਡਟੇ
  • fb
  • twitter
  • whatsapp
  • whatsapp
Advertisement

ਕੇਰਵਿਲ (ਅਮਰੀਕਾ), 6 ਜੁਲਾਈ

ਅਮਰੀਕਾ ਦੇ ਟੈਕਸਾਸ ਵਿੱਚ ਸ਼ੁੱਕਰਵਾਰ ਤੜਕੇ ਅਚਾਨਕ ਆਏ ਹੜ੍ਹਾਂ ਕਾਰਨ ਘੱਟੋ-ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕੇਰ ਕਾਊਂਟੀ ਵਿੱਚ ਇੱਕ ਨਦੀ ਕਿਨਾਰੇ ਲੱਗੇ ਇੱਕ ‘ਸਮਰ ਕੈਂਪ’ ਵਿੱਚ ਹਿੱਸਾ ਲੈ ਰਹੀਆਂ 27 ਲੜਕੀਆਂ ਲਾਪਤਾ ਹੋ ਗਈਆਂ ਹਨ। ਕੇਰ ਕਾਊਂਟੀ ਵਿੱਚ ਹੜ੍ਹਾਂ ਕਾਰਨ 15 ਬੱਚਿਆਂ ਸਣੇ 43 ਵਿਅਕਤੀ ਮਾਰੇ ਗਏ। ਬਾਕੀ ਮੌਤਾਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੋਈਆਂ ਹਨ।

Advertisement

ਜਾਣਕਾਰੀ ਅਨੁਸਾਰ ਗੁਆਡਾਲੁਪ ਨਦੀ ਵਿੱਚ ਪਾਣੀ 45 ਮਿੰਟਾਂ ’ਚ 26 ਫੁੱਟ ਚੜ੍ਹ ਗਿਆ, ਦਰੱਖਤ ਉੱਖੜ ਗਏ, ਵਾਹਨ ਵਹਿ ਗਏ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਖ਼ਤਰਾ ਹਾਲੇ ਖਤਮ ਨਹੀਂ ਹੋਇਆ ਕਿਉਂਕਿ ਸ਼ਨਿਚਰਵਾਰ ਨੂੰ ਸਾਂ ਐਂਟੋਨੀਓ ਦੇ ਬਾਹਰਵਾਰ ਮੀਂਹ ਹਾਲੇ ਵੀ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਹੜ੍ਹ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਬਚਾਅ ਕਰਮੀਆਂ ਵੱਲੋਂ ਲਾਪਤਾ ਵਿਅਕਤੀਆਂ ਦੀ ਭਾਲ ਅਤੇ ਪੀੜਤਾਂ ਦੀ ਮਦਦ ਲਈ ਹੈਲੀਕਾਪਟਰਾਂ, ਕਿਸ਼ਤੀਆਂ ਅਤੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਪੀੜਤਾਂ ਦੀ ਮਦਦ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਐਤਵਾਰ ਨੂੰ ਸੂਬੇ ਲਈ ‘ਪ੍ਰੇਅਰ ਡੇਅ’ ਐਲਾਨਿਆ।

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 36 ਘੰਟਿਆਂ ਵਿੱਚ 850 ਤੋਂ ਵੱਧ ਵਿਅਕਤੀ ਬਚਾਅ ਲਏ ਗਏ ਹਨ ਅਤੇ ਰਾਹਤ ਕਾਰਜ ਹਾਲੇ ਜਾਰੀ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਹੜ੍ਹ ਆਉਣ ਬਾਰੇ ਅਗਾਊਂ ਚਿਤਾਵਨੀ ਨਾ ਦੇਣ ਦਾ ਦੋਸ਼ ਲਾਇਆ ਹੈ। -ਏਪੀ

Advertisement
×