ਗਾਜ਼ਾ ’ਚ ਤੁਰੰਤ ਅਤੇ ਸਥਾਈ ਜੰਗਬੰਦੀ ਦੀ ਮੰਗ ਕਰਨ ਵਾਲਾ ਅਹਿਮ ਮਤਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਮਰੀਕਾ ਦੇ ਵੀਟੋ ਕਾਰਨ ਇੱਕ ਵਾਰ ਫਿਰ ਪਾਸ ਨਹੀਂ ਹੋ ਸਕਿਆ। ਸੰਯੁਕਤ ਰਾਸ਼ਟਰ ਦੀ ਸਭ ਤੋਂ ਤਾਕਤਵਰ ਸੰਸਥਾ ਦੇ ਬਾਕੀ 14 ਹੋਰ ਮੈਂਬਰਾਂ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ। ਮਤੇ ਵਿੱਚ ਗਾਜ਼ਾ ਵਿੱਚ ਮਨੁੱਖੀ ਹਾਲਾਤ ਨੂੰ ‘ਬਹੁਤ ਹੀ ਭਿਆਨਕ’ ਦੱਸਿਆ ਗਿਆ ਅਤੇ ਇਜ਼ਰਾਈਲ ਨੂੰ ਉਸ ਇਲਾਕੇ ਵਿੱਚ 21 ਲੱਖ ਫਲਸਤੀਨੀਆਂ ਨੂੰ ਸਹਾਇਤਾ ਪਹੁੰਚਾਉਣ ’ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ ਸੀ।ਅਮਰੀਕੀ ਨੀਤੀ ਸਲਾਹਕਾਰ ਮੋਰਗਨ ਓਰਟਾਗਸ ਨੇ ਵੋਟਿੰਗ ਤੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਮਤਾ ਹਮਾਸ ਨੂੰ ਫਾਇਦਾ ਪਹੁੰਚਾਉਂਦਾ ਹੈ। ਦੂਜੇ ਪਾਸੇ ਫਲਸਤੀਨ, ਅਲਜੀਰੀਆ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਨੇ ਇਸ ’ਤੇ ਡੂੰਘੀ ਨਿਰਾਸ਼ਾ ਅਤੇ ਗੁੱਸਾ ਜ਼ਾਹਰ ਕੀਤਾ। ਫਲਸਤੀਨੀ ਰਾਜਦੂਤ ਨੇ ਇਸ ਨੂੰ ਗਾਜ਼ਾ ਦੇ ਲੋਕਾਂ ਦੀਆਂ ਉਮੀਦਾਂ ’ਤੇ ਇੱਕ ਹੋਰ ਵੱਡਾ ਹਮਲਾ ਕਰਾਰ ਦਿੱਤਾ ਹੈ।