ਅਮਰੀਕੀ ਖ਼ਜ਼ਾਨਾ ਵਿਭਾਗ ਨੇ ਦੋ ਭਾਰਤੀਆਂ ’ਤੇ ਪਾਬੰਦੀਆਂ ਲਗਾਈਆਂ
ਫੈਂਟੇਨਿਲ ਵਾਲੀਆਂ ਗੋਲੀਆਂ ਸਪਲਾਈ ਕਰਨ ਦੇ ਦੋਸ਼ ਹੇਠ ਕੀਤੀ ਕਾਰਵਾੲੀ
ਅਮਰੀਕੀ ਖ਼ਜ਼ਾਨਾ ਵਿਭਾਗ ਨੇ ਦੋ ਭਾਰਤੀ ਨਾਗਰਿਕਾਂ ਅਤੇ ਭਾਰਤ-ਅਧਾਰਿਤ ਇੱਕ ਆਨਲਾਈਨ ਫਾਰਮੇਸੀ ’ਤੇ ਅਮਰੀਕਾ ਵਿੱਚ ਫੈਂਟੇਨਿਲ ਅਤੇ ਹੋਰ ਨਸ਼ੀਲੇ ਪਦਾਰਥਾਂ ਵਾਲੀਆਂ ਤੇ ਫ਼ਰਜ਼ੀ ਨੁਸਖ਼ੇ ਵਾਲੀਆਂ ਗੋਲੀਆਂ ਸਪਲਾਈ ਕਰਨ ਦੇ ਦੋਸ਼ ਹੇਠ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਖ਼ਜ਼ਾਨਾ ਵਿਭਾਗ ਦੇ ਆਫਿਸ ਆਫ ਫਾਰੇਨ ਐਸੇਟਸ ਕੰਟਰੋਲ (ਓ ਐੱਫ ਏ ਸੀ) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਦਿਕ ਅੱਬਾਸ ਹਬੀਬ ਸੱਯਦ ਅਤੇ ਖ਼ਿਜ਼ਰ ਮੁਹੰਮਦ ਇਕਬਾਲ ਸ਼ੇਖ ’ਤੇ ਸਾਂਝੇ ਤੌਰ ’ਤੇ ਲੱਖਾਂ ਦੀ ਗਿਣਤੀ ਵਿੱਚ ਫੈਂਟੇਨਿਲ ਅਤੇ ਹੋਰ ਨਸ਼ੀਲੇ ਪਦਾਰਥਾਂ ਵਾਲੀਆਂ ਫ਼ਰਜ਼ੀ ਨੁਸਖ਼ੇ ਵਾਲੀਆਂ ਗੋਲੀਆਂ ਸਪਲਾਈ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਹੋਣ ਦੇ ਦੋਸ਼ ਹੇਠ ਪਾਬੰਦੀਆਂ ਲਗਾਈਆਂ ਗਈਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਦਿਕ ਅਤੇ ਖਿਜ਼ਰ ਨੇ ਅਮਰੀਕੀਆਂ ਨੂੰ ਜਾਅਲੀ ਗੋਲੀਆਂ ਵੇਚਣ ਲਈ ਡੌਮੀਨਿਕਨ ਰਿਪਬਲਿਕ ਅਤੇ ਅਮਰੀਕਾ-ਅਧਾਰਿਤ ਨਸ਼ਾ ਤਸਕਰਾਂ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਇਨ੍ਹਾਂ ਗੋਲੀਆਂ ਦੀ ਛੋਟ ਵਾਲੇ ਜਾਇਜ਼ ਫਾਰਮਾ ਉਤਪਾਦਾਂ ਵਜੋਂ ਮਾਰਕੀਟਿੰਗ ਕੀਤੀ ਅਤੇ ਵੇਚਿਆ, ਜਦੋਂ ਕਿ ਅਸਲ ਵਿੱਚ ਉਹ ਫੈਂਟੇਨਿਲ, ਫੈਂਟੇਨਿਲ ਐਨਾਲੌਗ ਅਤੇ ਮੈਥਾਮਫੇਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਨਾਲ ਭਰੀਆਂ ਹੋਈਆਂ ਸਨ। ਖਿਜ਼ਰ ਉਸ ਪਾਬੰਦੀਸ਼ੁਦਾ ਆਨਲਾਈਨ ਫਾਰਮੇਸੀ ਕੇ ਐਸ ਇੰਟਰਨੈਸ਼ਨਲ ਟਰੇਡਰਜ਼ (ਜਿਸ ਨੂੰ ‘ਕੇ ਐੱਸ ਫਾਰਮੇਸੀ’ ਵੀ ਕਿਹਾ ਜਾਂਦਾ ਹੈ) ਦਾ ਮਾਲਕ ਹੈ, ਜਿਸ ਦੀ ਵਰਤੋਂ ਸ਼ੇਖ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਕੀਤੀ ਜਾਂਦੀ ਸੀ। ਪਾਬੰਦੀਆਂ ਅਨੁਸਾਰ, ਦੋਵਾਂ ਭਾਰਤੀ ਨਾਗਰਿਕਾਂ ਦੀ ਅਮਰੀਕਾ ਵਿੱਚ ਸਥਿਤ ਜਾਂ ਅਮਰੀਕੀ ਵਿਅਕਤੀਆਂ ਦੇ ਕਬਜ਼ੇ ਜਾਂ ਕੰਟਰੋਲ ਵਿੱਚ ਮੌਜੂਦ ਸਾਰੀ ਜਾਇਦਾਦ ਅਤੇ ਜਾਇਦਾਦ ਵਿੱਚ ਹਿੱਸੇਦਾਰੀ ਨੂੰ ਬਲਾਕ ਕਰ ਦਿੱਤਾ ਗਿਆ ਹੈ।