ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਨਾਗਰਿਕਤਾ ਆਦੇਸ਼ ਨੂੰ ਰੋਕਣ ਲਈ ਜੱਜਾਂ ਦੀ ਸ਼ਕਤੀ ਘਟਾਈ
ਵਾਸ਼ਿੰਗਟਨ, 27 ਜੂਨ
ਅਮਰੀਕੀ ਸੁਪਰੀਮ ਕੋਰਟ ਨੇ ਸੰਘੀ ਜੱਜਾਂ ਦੀਆਂ ਸ਼ਕਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਦੀਆਂ ਵਿਆਪਕ ਕਾਨੂੰਨੀ ਰਾਹਤ ਦੇਣ ਦੀ ਯੋਗਤਾ ਨੂੰ ਸੀਮਤ ਕਰ ਦਿੱਤਾ ਹੈ। ਇਹ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਨਮ-ਅਧਾਰਿਤ ਨਾਗਰਿਕਤਾ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਬਾਰੇ ਕਾਨੂੰਨੀ ਲੜਾਈ ਦੇ ਸੰਦਰਭ ਵਿੱਚ ਆਇਆ ਹੈ।
ਅਦਾਲਤ ਨੇ ਹੇਠਲੀਆਂ ਅਦਾਲਤਾਂ ਨੂੰ, ਜਿਨ੍ਹਾਂ ਨੇ ਇਸ ਨੀਤੀ 'ਤੇ ਰੋਕ ਲਗਾਈ ਸੀ, ਆਪਣੇ ਆਦੇਸ਼ਾਂ ਦੇ ਦਾਇਰੇ 'ਤੇ ਮੁੜ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ। 6-3 ਦੇ ਫੈਸਲੇ ਵਿੱਚ, ਜਸਟਿਸ ਐਮੀ ਕੋਨੀ ਬੈਰੇਟ ਵੱਲੋਂ ਲਿਖੇ ਗਏ ਫੈਸਲੇ ਅਨੁਸਾਰ, ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਅਪੀਲ ਨੂੰ ਸਵੀਕਾਰ ਕਰ ਲਿਆ ਜਿਸ ਵਿੱਚ ਮੈਰੀਲੈਂਡ, ਮੈਸੇਚਿਉਸੇਟਸ ਅਤੇ ਵਾਸ਼ਿੰਗਟਨ ਰਾਜ ਦੇ ਸੰਘੀ ਜੱਜਾਂ ਵੱਲੋਂ ਜਾਰੀ ਕੀਤੇ ਗਏ ਤਿੰਨ ਦੇਸ਼ ਵਿਆਪੀ ਹੁਕਮਾਂ ਦੇ ਦਾਇਰੇ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਹੁਕਮਾਂ ਨੇ ਨੀਤੀ ਨੂੰ ਚੁਣੌਤੀ ਦੇਣ ਵਾਲੇ ਮੁਕੱਦਮੇ ਦੌਰਾਨ ਇਸ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਸੀ।
ਅਦਾਲਤ ਨੇ ਹੇਠਲੀਆਂ ਅਦਾਲਤਾਂ ਨੂੰ ਆਪਣੇ ਹੁਕਮਾਂ ਦੇ ਦਾਇਰੇ ’ਤੇ ਮੁੜ ਵਿਚਾਰ ਕਰਨ ਦਾ ਹੁਕਮ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਟਰੰਪ ਦਾ ਆਦੇਸ਼ ਸ਼ੁੱਕਰਵਾਰ ਦੇ ਫੈਸਲੇ ਤੋਂ 30 ਦਿਨਾਂ ਬਾਅਦ ਹੀ ਲਾਗੂ ਹੋ ਸਕਦਾ ਹੈ।-ਰਾਈਟਰਜ਼