ਯੂਕਰੇਨ ਬਾਰੇ ਅਮਰੀਕਾ-ਰੂਸ ਵਾਰਤਾ ਉਸਾਰੂ ਰਹਿਣ ਦਾ ਦਾਅਵਾ
ਪੂਤਿਨ ਦੇ ਸਲਾਹਕਾਰ ਵੱਲੋਂ ਅਮਰੀਕੀ ਤਜਵੀਜ਼ਾਂ ’ਤੇ ਵਿਚਾਰ-ਵਟਾਂਦਰੇ ਦੀ ਲੋਡ਼ ਜਤਾੲੀ
ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸੀਨੀਅਰ ਸਲਾਹਕਾਰ ਯੂਰੀ ਉਸ਼ਾਕੋਵ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ’ਚ ਕਰੀਬ ਚਾਰ ਸਾਲਾਂ ਤੋਂ ਚੱਲ ਰਹੀ ਜੰਗ ਖ਼ਤਮ ਕਰਨ ਲਈ ਰੂਸ ਅਤੇ ਅਮਰੀਕਾ ਵਿਚਾਲੇ ਵਾਰਤਾ ਉਸਾਰੂ ਰਹੀ। ਉਂਜ ਉਨ੍ਹਾਂ ਇਹ ਜ਼ਰੂਰ ਆਖਿਆ ਹੈ ਕਿ ਜੰਗ ਰੋਕਣ ਲਈ ਹਾਲੇ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਸ੍ਰੀ ਪੂਤਿਨ ਨੇ ਮੰਗਲਵਾਰ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਫੀਰ ਸਟੀਫ ਵਿਟਕੌਫ ਅਤੇ ਜਵਾਈ ਜੇਰਡ ਕੁਸ਼ਨਰ ਨਾਲ ਕ੍ਰੈਮਲਿਨ ’ਚ ਕਰੀਬ ਪੰਜ ਘੰਟਿਆਂ ਤੱਕ ਗੱਲਬਾਤ ਕੀਤੀ। ਦੋਵੇਂ ਧਿਰਾਂ ਨੇ ਯੂਕਰੇਨ ਜੰਗ ਰੋਕਣ ਲਈ ਹੋਈ ਚਰਚਾ ਦਾ ਖ਼ੁਲਾਸਾ ਨਾ ਕਰਨ ’ਤੇ ਸਹਿਮਤੀ ਜਤਾਈ।
ਸ੍ਰੀ ਉਸ਼ਾਕੋਵ ਨੇ ਕਿਹਾ ਕਿ ਖਿੱਤਿਆਂ ਦੇ ਮੁੱਦੇ ’ਤੇ ਹਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ ਜਿਸ ਤੋਂ ਬਿਨਾਂ ਮਸਲੇ ਦਾ ਹੱਲ ਕੱਢਣਾ ਮੁਸ਼ਕਲ ਹੋਵੇਗਾ। ਕੁਝ ਅਮਰੀਕੀ ਤਜਵੀਜ਼ਾਂ ਨੂੰ ਮੰਨਿਆ ਜਾ ਸਕਦਾ ਹੈ ਪਰ ਉਨ੍ਹਾਂ ’ਤੇ ਹੋਰ ਵਿਚਾਰ ਵਟਾਂਦਰੇ ਦੀ ਲੋੜ ਹੈ। ਸ੍ਰੀ ਪੂਤਿਨ ਨੇ ਕੀਵ ਦੇ ਯੂਰੋਪੀਅਨ ਭਾਈਵਾਲਾਂ ’ਤੇ ਅਮਰੀਕਾ ਦੀ ਅਗਵਾਈ ਹੇਠ ਯੂਕਰੇਨ ਜੰਗ ਦੇ ਖਾਤਮੇ ਦੀਆਂ ਕੋਸ਼ਿਸ਼ਾਂ ਨੂੰ ਸਾਬੋਤਾਜ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਯੂਰੋਪੀਅਨ ਆਗੂਆਂ ਕੋਲ ਸ਼ਾਂਤੀ ਦਾ ਏਜੰਡਾ ਨਹੀਂ ਹੈ ਅਤੇ ਉਹ ਜੰਗ ਚਾਹੁੰਦੇ ਹਨ।
ਉਧਰ, ਯੂਕਰੇਨੀ ਅਤੇ ਯੂਰੋਪੀਅਨ ਆਗੂਆਂ ਨੇ ਸ੍ਰੀ ਪੂਤਿਨ ’ਤੇ ਸ਼ਾਂਤੀ ਕੋਸ਼ਿਸ਼ਾਂ ’ਚ ਫਰਜ਼ੀ ਦਿਲਚਸਪੀ ਦਿਖਾਉਣ ਦਾ ਦੋਸ਼ ਲਾਇਆ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਜੇ ਵਾਰਤਾ ਤੋਂ ਹਾਂ-ਪੱਖੀ ਸੰਕੇਤ ਮਿਲੇ ਤਾਂ ਉਹ ਛੇਤੀ ਹੀ ਅਮਰੀਕੀ ਵਫ਼ਦ ਨੂੰ ਮਿਲਣਗੇ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬਿਹਾ ਨੇ ਕਿਹ ਕਿ ਪੂਤਿਨ ਦੁਨੀਆ ਦਾ ਸਮਾਂ ਬਰਬਾਦ ਕਰਨਾ ਬੰਦ ਕਰੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਰੂਸੀ ਆਗੂ ਨੂੰ ਖੂਨ-ਖਰਾਬਾ ਬੰਦ ਕਰਨਾ ਚਾਹੀਦਾ ਹੈ।
ਬੈਲਜੀਅਮ ਨੇ ਯੂਰੋਪੀਅਨ ਯੂਨੀਅਨ ਦੀ ਯੋਜਨਾ ਨਕਾਰੀ
ਬ੍ਰਸੱਲਜ਼: ਬੈਲਜੀਅਮ ਨੇ ਜਾਮ ਕੀਤੀਆਂ ਰੂਸੀ ਸੰਪਤੀਆਂ ਦੀ ਵਰਤੋਂ ਯੂਕਰੇਨ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵਰਤੇ ਜਾਣ ਦੀ ਯੂਰੋਪੀਅਨ ਯੂਨੀਅਨ ਦੀ ਤਜਵੀਜ਼ ਸਿਰੇ ਤੋਂ ਖਾਰਜ ਕਰ ਦਿੱਤੀ ਹੈ। ਬੈਲਜੀਅਮ ਦੇ ਵਿਦੇਸ਼ ਮੰਤਰੀ ਮੈਕਸਿਮ ਪ੍ਰੀਵੋਟ ਨੇ ਕਿਹਾ ਕਿ ਇਸ ਯੋਜਨਾ ਨਾਲ ਵੱਡਾ ਵਿੱਤੀ ਅਤੇ ਕਾਨੂੰਨੀ ਖਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਯੂਕਰੇਨ ਲਈ ਕੌਮਾਂਤਰੀ ਬਾਜ਼ਾਰਾਂ ’ਚੋਂ ਪੈਸਾ ਉਧਾਰ ਚੁੱਕਣ ਲਈ ਕਿਹਾ।

