ਅਮਰੀਕਾ ਨੇ ਗਾਜ਼ਾ ਬਾਰੇ ਆਪਣੀ ਯੋਜਨਾ ’ਤੇ ਸੰਯੁਕਤ ਰਾਸ਼ਟਰ ’ਚ ਸਰਬਸੰਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉਧਰ, ਰੂਸ ਨੇ ਵੱਖਰੀ ਤਜਵੀਜ਼ ਪੇਸ਼ ਕੀਤੀ ਹੈ ਜਿਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠਲੀ ਅਥਾਰਿਟੀ ਕਾਇਮ ਕਰਨ ਦੀ ਕੋਸ਼ਿਸ਼ ਨੂੰ ਢਾਹ ਲੱਗ ਸਕਦੀ ਹੈ। ਰੂਸ ਨੇ ਸੰਯੁਕਤ ਰਾਸ਼ਟਰ ਨੂੰ ਕੌਮਾਂਤਰੀ ਸਥਿਰਤਾ ਬਲ ਕਾਇਮ ਕਰਨ ਦੇ ਬਦਲ ਬਾਰੇ ਵੀ ਵਿਚਾਰ ਕਰਨ ਲਈ ਕਿਹਾ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਕਰਾਉਣ ’ਚ ਭੂਮਿਕਾ ਨਿਭਾਉਣ ਵਾਲੇ ਅਮਰੀਕਾ ਅਤੇ ਅੱਠ ਹੋਰ ਮੁਲਕਾਂ ਨੇ 15 ਮੈਂਬਰੀ ਸਲਾਮਤੀ ਕੌਂਸਲ ’ਚ ਅਮਰੀਕੀ ਮਤੇ ਨੂੰ ਫੌਰੀ ਅਪਣਾਉਣ ਦੀ ਅਪੀਲ ਕੀਤੀ ਹੈ। ਇਨ੍ਹਾਂ ਅੱਠ ਮੁਲਕਾਂ ’ਚੋਂ ਸਿਰਫ਼ ਪਾਕਿਸਤਾਨ ਹੀ ਕੌਂਸਲ ’ਚ ਹੈ। ਅਮਰੀਕੀ ਖਰੜੇ ਅਤੇ ਰੂਸੀ ਤਜਵੀਜ਼ਾਂ ’ਤੇ ਅਗਲੇ ਹਫ਼ਤੇ ਦੇ ਸ਼ੁਰੂ ’ਚ ਵੋਟਿੰਗ ਹੋਣ ਦੀ ਸੰਭਾਵਨਾ ਹੈ।
ਭਾਰਤ ਨੇ ਵਧੇਰੇ ਪਾਰਦਰਸ਼ਿਤਾ ਦਾ ਸੱਦਾ ਦਿੱਤਾ
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀਆਂ ਸਹਾਇਕ ਜਥੇਬੰਦੀਆਂ ਦੇ ਕੰਮਕਾਰ ’ਚ ਵਧੇਰੇ ਪਾਰਦਰਸ਼ਿਤਾ ਦਾ ਸੱਦਾ ਦਿੱਤਾ ਹੈ। ਭਾਰਤ ਨੇ ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਅਤਿਵਾਦੀ ਵਜੋਂ ਨਾਮਜ਼ਦ ਕਰਨ ਦੀਆਂ ਅਪੀਲਾਂ ਨੂੰ ਬਿਨਾਂ ਕਿਸੇ ਢੁਕਵੇਂ ਸਪੱਸ਼ਟੀਕਰਨ ਦੇ ਖਾਰਜ ਕਰਨ ਦਾ ਹਵਾਲਾ ਦਿੱਤਾ। ਭਾਰਤ ਦੇ ਸੰਯੁਕਤ ਰਾਸ਼ਟਰ ’ਚ ਪੱਕੇ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਕਾਰਜ ਪ੍ਰਣਾਲੀ ਬਾਰੇ ਸਲਾਮਤੀ ਕੌਂਸਲ ਦੀ ਖੁੱਲ੍ਹੀ ਬਹਿਸ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟਾਏ। -ਪੀਟੀਆਈ

