ਟੈਕਸਾਸ ਦੇ 23 ਸਾਲਾ ਨੌਜਵਾਨ ਨੂੰ ਸ਼ੁੱਕਰਵਾਰ ਰਾਤ ਨੂੰ ਫੋਰਟ ਵਰਥ ਗੈਸ ਸਟੇਸ਼ਨ ’ਤੇ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਮਸ਼ਕੂਕ ਨੇ 28 ਸਾਲਾ ਚੰਦਰਸ਼ੇਖਰ ਪੋਲ ਨੂੰ ਉਸ ਵੇਲੇ ਗੋਲੀ ਮਾਰੀ ਸੀ, ਜਦੋਂ ਉਹ ਪਾਰਟ-ਟਾਈਮ ਨੌਕਰੀ ਕਰ ਰਿਹਾ ਸੀ। ਮਸ਼ਕੂਕ ਦੀ ਪਛਾਣ ਉੱਤਰੀ ਰਿਚਲੈਂਡ ਹਿਲਜ਼ ਦੇ ਰਿਚਰਡ ਫਲੋਰੇਜ਼ ਵਜੋਂ ਹੋਈ ਹੈ। ਉਸ ਨੇ ਈਸਟਚੇਜ਼ ਪਾਰਕਵੇਅ ਵਿੱਚ ਗੈਸ ਸਟੇਸ਼ਨ ’ਤੇ ਚੰਦਰਸ਼ੇਖਰ ਨੂੰ ਗੋਲੀ ਮਾਰੀ। ਇਸ ਮਗਰੋਂ ਉਸ ਨੇ ਲਗਪਗ ਇੱਕ ਮੀਲ ਦੂਰ ਇੱਕ ਹੋਰ ਵਾਹਨ ’ਤੇ ਵੀ ਗੋਲੀਆਂ ਚਲਾਈਆਂ, ਹਾਲਾਂਕਿ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਬਾਅਦ ਵਿੱਚ ਉਹ ਮੀਡੋਬਰੁੱਕ ਡਰਾਈਵ ’ਤੇ ਇੱਕ ਨੇੜਲੇ ਰਿਹਾਇਸ਼ੀ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਗੇਟ ਨਾਲ ਟਕਰਾਅ ਗਿਆ। ਅਧਿਕਾਰੀਆਂ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੀ ਗੱਡੀ ’ਚੋਂ ਹਥਿਆਰ ਬਰਾਮਦ ਕੀਤਾ। ਹਿਊਸਟਨ ਵਿੱਚ ਭਾਰਤੀ ਕੌਂਸੁਲੇਟ ਜਨਰਲ ਨੇ ਕਿਹਾ ਕਿ ਉਹ ਚੰਦਰਸ਼ੇਖਰ ਦੀ ਲਾਸ਼ ਭਾਰਤ ਭੇਜਣ ਲਈ ਉਸ ਦੇ ਪਰਿਵਾਰ ਦੇ ਸੰਪਰਕ ਵਿੱਚ ਹਨ।