DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ: ਜੰਗਲਾਂ ’ਚ ਲੱਗੀ ਅੱਗ ਕਾਰਨ ਮ੍ਰਿਤਕਾਂ ਦੀ ਗਿਣਤੀ 16 ਹੋਈ

ਵੱਡੀ ਗਿਣਤੀ ਮੁਲਾਜ਼ਮ ਅਜੇ ਵੀ ਅੱਗ ਬੁਝਾਉਣ ਵਿੱਚ ਜੁਟੇ; ਡੇਢ ਲੱਖ ਤੋਂ ਵੱਧ ਲੋਕਾਂ ਨੂੰ ਇਲਾਕਾ ਛੱਡਣ ਦੇ ਹੁਕਮ
  • fb
  • twitter
  • whatsapp
  • whatsapp
featured-img featured-img
ਫਾਇਰ ਬ੍ਰਿਗੇਡ ਦਾ ਮੁਲਾਜ਼ਮ ਜੰਗਲ ’ਚ ਲੱਗੀ ਅੱਗ ਬੁਝਾਉਂਦਾ ਹੋਇਆ। -ਫੋਟੋ: ਰਾਇਟਰਜ਼
Advertisement
ਲਾਸ ਏਂਜਲਸ, 12 ਜਨਵਰੀ
ਅਮਰੀਕਾ ਦੇ ਲਾਸ ਏਂਜਲਸ ਕਾਊਂਟੀ ਕੋਰੋਨਰ ਦੇ ਦਫ਼ਤਰ ਨੇ ਜੰਗਲਾਂ ’ਚ ਲੱਗੀ ਭਿਆਨਗ ਅੱਗ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 16 ਹੋਣ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਰਾਹਤ ਤੇ ਬਚਾਅ ਕਰਮੀ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ।
ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕੁੱਲ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ ਪੰਜ ਦੀ ਮੌਤ ਪੈਲਿਸੇਡਜ਼ ਜਦਕਿ 11 ਦੀ ਮੌਤ ਈਟੌਨ ਇਲਾਕੇ ’ਚ ਹੋਈ ਹੈ। ਇਸ ਤੋਂ ਪਹਿਲਾਂ 11 ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਕਿਹਾ ਸੀ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀਆਂ ਨੇ ਇੱਕ ਕੇਂਦਰ ਸਥਾਪਤ ਕੀਤਾ ਹੈ ਜਿੱਥੇ ਲੋਕ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਸਕਦੇ ਹਨ। ਇਸੇ ਵਿਚਾਲੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੁੜ ਤੋਂ ਤੇਜ਼ ਹਵਾਵਾਂ ਚੱਲਣ ਦੇ ਖਦਸ਼ੇ ਦੇ ਮੱਦੇਨਜ਼ਰ ਅੱਗ ’ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਕੋਸ਼ਿਸ਼ ਕਰ ਰਹੇ ਹਨ ਕਿ ਅੱਗ ਮਸ਼ਹੂਰ ਜੇ ਪੌਲ ਗੇਟੀ ਅਜਾਇਬਘਰ ਤੇ ਕੈਲੀਫੋਰਨੀਆ ਯੂਨੀਵਰਸਿਟੀ ਤੱਕ ਨਾ ਫੈਲੇ। ਮੈਂਡੇਵਿਲ ਕੈਨਿਅਨ ’ਚ ਅੱਗ ਬੁਝਾਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੈਸੇਫਿਕ ਕੋਸਟ ਨੇੜੇ ਸਥਿਤ ਮੈਂਡੇਵਿਲ ਕੈਨੀਅਨ ’ਚ ਕਈ ਮਸ਼ਹੂਰ ਹਸਤੀਆਂ ਦੇ ਘਰ ਹਨ। ਹੰਗਾਮੀ ਸੇਵਾਵਾਂ ਵਿਭਾਗ ਦੇ ਕੈਲੀਫੋਰਨੀਆ ਦਫ਼ਤਰ ਦੇ ਮਾਈਕਲ ਟਰੌਮ ਨੇ ਦੱਸਿਆ ਕਿ ਲਾਸ ਏਂਜਲਸ ਕਾਊਂਟੀ ਦੇ 1.50 ਲੱਖ ਲੋਕਾਂ ਨੂੰ ਇਲਾਕਾ ਛੱਡਣ ਦੇ ਹੁਕਮ ਦਿੱਤੇ ਗਏ ਹਨ ਅਤੇ 700 ਦੇ ਕਰੀਬ ਲੋਕ ਨੂੰ ਨੌਂ ਸ਼ਰਨਾਰਥੀ ਕੈਂਪਾਂ ’ਚ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਤੇ ਨੌਂ ਹੋਰ ਰਾਜਾਂ ਤੋਂ 1354 ਫਾਇਰ ਇੰਜਣ, 84 ਹਵਾਈ ਜਹਾਜ਼ ਅਤੇ 14 ਹਜ਼ਾਰ ਤੋਂ ਵੱਧ ਮੁਲਾਜ਼ਮ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਕੈਲਫਾਇਰ ਅਪਰੇਸ਼ਨਜ਼ ਦੇ ਮੁਖੀ ਕ੍ਰਿਸ਼ਚੀਅਨ ਲਿਟਜ਼ ਨੇ ਦੱਸਿਆ ਕਿ ਤੇਜ਼ ਹਵਾਵਾਂ ਦੀ ਵਾਪਸੀ ਦੀਆਂ ਖ਼ਬਰਾਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਉੱਤਰ ’ਚ ਸੰਘਣੀ ਅਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ’ਚ ਲੱਗੀ ਅੱਗ ਕਾਰਨ 12 ਹਜ਼ਾਰ ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। -ਏਪੀ

ਰੱਬ ਦਾ ਸ਼ੁਕਰ ਹੈ, ਅਸੀਂ ਸੁਰੱਖਿਅਤ ਹਾਂ: ਪ੍ਰੀਤੀ ਜ਼ਿੰਟਾ

ਨਵੀਂ ਦਿੱਲੀ: ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ’ਚ ਰਹਿਣ ਵਾਲੀ ਅਦਾਕਾਰ ਪ੍ਰੀਤੀ ਜ਼ਿੰਟਾ ਨੇ ਕਿਹਾ ਕਿ ਉਹ ਸੁਰੱਖਿਅਤ ਹੈ ਪਰ ਸ਼ਹਿਰ ’ਚ ਲੱਗੀ ਭਿਆਨਕ ਅੱਗ ਕਾਰਨ ਹੋਈ ਤਬਾਹੀ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਪ੍ਰੀਤੀ ਦਾ ਪਤੀ ਜੀਨ ਗੁਡਇਨਫ ਵਿੱਤੀ ਵਿਸ਼ਲੇਸ਼ਕ ਹੈ ਅਤੇ ਉਸ ਦੇ ਦੋ ਬੱਚੇ ਹਨ। ਅਦਾਕਾਰਾ ਨੇ ਐਕਸ ’ਤੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਦਿਨ ਦੇਖਣ ਨੂੰ ਮਿਲੇਗਾ। ਉਨ੍ਹਾਂ ਲਿਖਿਆ, ‘ਅਸਮਾਨ ਤੋਂ ਬਰਫ਼ ਦੀ ਤਰ੍ਹਾਂ ਸੁਆਹ ਡਿੱਗ ਰਹੀ ਹੈ। ਸਾਡੇ ਆਲੇ-ਦੁਆਲੇ ਤਬਾਹੀ ਦੇਖ ਕੇ ਮੈਂ ਬਹੁਤ ਦੁਖੀ ਹਾਂ। ਰੱਬ ਦਾ ਸ਼ੁਕਰ ਹੈ ਕਿ ਅਸੀਂ ਸੁਰੱਖਿਅਤ ਹਾਂ।’ -ਪੀਟੀਆਈ
Advertisement
×