DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US-Canada News: ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਧਮਕੀ

ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਟੈਰਿਫ ਵਧਾਉਣ ਦੇ ਬਿਆਨ ਦੇ ਜਵਾਬ ਵਿਚ ਫੋਰਡ ਨੇ ਕੀਤਾ ਐਲਾਨ; ਟਰੂਡੋ ਨੇ ਮੁਲਕ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤ
  • fb
  • twitter
  • whatsapp
  • whatsapp
featured-img featured-img
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੀਟਿੰਗ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਫੋਟੋ ਖਿਚਵਾਉਂਦੇ ਹੋਏ।
Advertisement
ਸੁਰਿੰਦਰ ਮਾਵੀ
ਵਿਨੀਪੈਗ, 13 ਦਸੰਬਰ

ਪ੍ਰਧਾਨ  ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੈਨੇਡਾ ਦੇ ਵੱਖ-ਵੱਖ ਸੂਬਿਆਂ  ਦੇ ਮੁੱਖ ਮੰਤਰੀਆਂ (Premiers) ਨਾਲ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਫੈਡਰਲ ਸਰਕਾਰ ਦੀ ਯੋਜਨਾ ਬਾਰੇ 'ਸੰਖੇਪ ਜਾਣਕਾਰੀ' ਸਾਂਝੀ ਕੀਤੀ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਧਮਕੀ ਮੁਤਾਬਕ ਟੈਰਿਫ਼ 'ਤੇ ਸੰਭਾਵਿਤ ਪ੍ਰਤੀਕ੍ਰਿਆਵਾਂ 'ਤੇ ਚਰਚਾ ਕੀਤੀ।

ਪਬਲਿਕ ਸੇਫ਼ਟੀ ਮੰਤਰੀ ਡੋਮਿਨਿਕ ਲੇਬਲਾਂਕ ਨੇ ਓਟਵਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸਰਹੱਦੀ ਯੋਜਨਾ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਬੈਠਕ ਦੌਰਾਨ ਪ੍ਰੀਮੀਅਰਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ  ਕੈਨੇਡੀਅਨਾਂ ਨਾਲ ਵੇਰਵੇ ਸਾਂਝੇ ਕੀਤੇ ਜਾਣਗੇ। ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਪ੍ਰੀਮੀਅਰਾਂ ਨਾਲ ਸਰਹੱਦੀ ਯੋਜਨਾ ਦੇ ਵੇਰਵੇ ਸਾਂਝੇ ਕੀਤੇ ਅਤੇ ਹਾਂਪੱਖੀ ਫੀਡ ਬੈਕ ਮਿਲਿਆ।

Advertisement

ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ (Doug Ford) ਦਾ ਕਹਿਣਾ ਹੈ ਕਿ ਜੇ ਡਨਲਡ ਟਰੰਪ (President Donald Trump) ਕੈਨੇਡੀਅਨ ਵਸਤਾਂ 'ਤੇ ਭਾਰੀ ਟੈਕਸ ਲਾਉਣ ਦੀ ਧਮਕੀ ਨੂੰ ਅਮਲ ਵਿਚ ਲਿਆਂਦੇ ਹਨ ਤਾਂ ਓਂਟਾਰੀਓ ਅਮਰੀਕਾ ਲਈ ਬਿਜਲੀ ਸਪਲਾਈ ਬੰਦ ਕਰ ਸਕਦਾ ਹੈ। ਫੋਰਡ ਨੇ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਫੈਡਰਲ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਉਨ੍ਹਾਂ ਵਸਤੂਆਂ ਦੀ ਸੂਚੀ ਤਿਆਰ ਕਰਨਗੇ ਜਿਨ੍ਹਾਂ 'ਤੇ ਕੈਨੇਡਾ ਜਵਾਬੀ ਟੈਰਿਫ਼ ਲਗਾ ਸਕਦਾ ਹੈ ਅਤੇ ਓਂਟਾਰੀਓ ਸਰਕਾਰ ਵੀ ਅਜਿਹੀ ਸੂਚੀ ਤਿਆਰ ਕਰੇਗੀ। ਉਂਝ ਇਸ ਮਾਮਲੇ ਉਤੇ ਫੋਰਡ ਉਦੋਂ ਇਕੱਲੇ ਪੈਂਦੇ ਨਜ਼ਰ ਆਏ ਜਦੋਂ ਮੁਲਕ ਦੇ ਬਾਕੀ ਬਿਜਲੀ ਉਤਪਾਦਕ ਸੂਬਿਆਂ ਨੇ ਅਜਿਹਾ ਕਰਨ ਤੋਂ ਨਾਂਹ ਕਰਦਿਆਂ ਇਸ ਨੂੰ ਫੋਰਡ ਦੀ ਨਿਜੀ ਸੋਚ ਕਰਾਰ ਦਿੱਤਾ।

ਅਸੀਂ ਕਿਸ ਹੱਦ ਤੱਕ ਜਾਵਾਂਗੇ ਇਹ ਨਿਰਭਰ ਕਰਦਾ ਹੈ ਕਿ ਉਹ  ਕਿੱਥੇ ਤੱਕ ਜਾਂਦਾ ਹੈ। ਅਸੀਂ ਉਨ੍ਹਾਂ ਦੀ ਬਿਜਲੀ ਨੂੰ ਕੱਟਣ ਦੀ ਹੱਦ ਤੱਕ  ਜਾਵਾਂਗੇ। ਡਗ ਫੋਰਡ ਨੇ ਦਲੀਲ ਦਿੱਤੀ ਕਿ ਉਹ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਹੋਵੇ ਪਰ ਉਨ੍ਹਾਂ ਦਾ ਪਹਿਲਾ ਫ਼ਰਜ਼ ਓਂਟਾਰੀਓ ਵਾਸੀਆਂ ਅਤੇ ਕੈਨੇਡੀਅਨਾਂ ਦੀ ਹਿਫ਼ਾਜ਼ਤ ਕਰਨਾ ਹੈ। ਓਂਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਆਪਣੇ ਮੁਲਕ ਵਾਸਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ।
ਅਮਰੀਕਾ ਤੇ ਓਂਟਾਰੀਓ ਦਰਮਿਆਨ ਹੁੰਦਾ ਹੈ 500 ਅਰਬ ਡਾਲਰ ਤੋਂ ਵੱਧ ਦਾ ਵਪਾਰ
ਦੱਸਣਯੋਗ ਹੈ ਕਿ ਇਕੱਲੇ ਓਂਟਾਰੀਓ ਸੂਬੇ ਦਾ ਅਮਰੀਕਾ ਨਾਲ ਵਪਾਰ 500 ਅਰਬ ਡਾਲਰ ਤੋਂ ਵੱਧ ਬਣਦਾ ਹੈ ਅਤੇ ਜੇ ਟੈਕਸ ਦਰਾਂ ਲਾਗੂ ਹੁੰਦੀਆਂ ਹਨ ਤਾਂ ਸਭ ਤੋਂ ਵੱਧ ਅਸਰ ਵੀ ਓਂਟਾਰੀਓ ’ਤੇ ਹੀ ਪਵੇਗਾ। ਡਗ ਫੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਵੱਲੋਂ ਟਰੰਪ ਦੇ ਨੁਮਾਇੰਦਿਆਂ ਨਾਲ ਕੋਈ ਸੰਪਰਕ ਕੀਤਾ ਗਿਆ ਹੈ ਜਾਂ ਨਵੇਂ ਚੁਣੇ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਕੋਈ ਯੋਜਨਾ ਹੈ ਤਾਂ ਡਗ ਫੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਆਇਆ।

ਕੈਨੇਡਾ ਤੋਂ ਅਮਰੀਕਾ ਵਿਚ ਗੈਰਕਾਨੂੰਨੀ ਫੈਂਟਾਨਿਲ ਪਹੁੰਚਣ ਬਾਰੇ ਟਰੰਪ ਦੇ ਦਾਅਵਿਆਂ ਵਿਚ ਸਬੂਤਾਂ ਦੀ ਘਾਟ ਦੇ ਬਾਵਜੂਦ ਕੈਨੇਡਾ ਨੇ ਸਰਹੱਦੀ ਸੁਰੱਖਿਆ ਵਧਾਉਣ ਦਾ ਅਹਿਦ ਕੀਤਾ ਹੈ। ਇਹ ਸਪਸ਼ਟ ਨਹੀਂ ਹੋਇਆ ਕਿ ਕੀ ਫੋਰਡ ਸਾਰੇ ਕੈਨੇਡੀਅਨ ਸੂਬਿਆਂ ਬਾਰੇ ਗੱਲ ਕਰ ਰਹੇ ਸਨ ਜੋ ਅਮਰੀਕਾ ਨੂੰ ਊਰਜਾ ਨਿਰਯਾਤ ਨੂੰ ਰੋਕਣਗੇ ਜਾਂ ਇਕੱਲੇ ਓਂਟਾਰੀਓ ਬਾਰੇ ਗੱਲ ਕਰ ਰਹੇ ਸਨ। ਪਰ ਫੋਰਡ ਦੇ ਇੱਕ ਬੁਲਾਰੇ ਗ੍ਰੇਸ ਲੀ ਨੇ ਦੱਸਿਆ ਕਿ ਇਹ ਨੁਕਤਾ ਟਰੂਡੋ ਅਤੇ ਸੂਬਾਈ ਪ੍ਰੀਮੀਅਰਾਂ ਵਿਚਕਾਰ ਹੋਈ ਮੁਲਾਕਾਤ ਵਿੱਚ ਚੁੱਕਿਆ ਗਿਆ ਸੀ। ਲੀ ਨੇ ਦੱਸਿਆ ਕਿ ਓਂਟਾਰੀਓ ਨੇ 2023 ਵਿੱਚ ਅਮਰੀਕਾ ਵਿੱਚ 15 ਲੱਖ ਘਰਾਂ ਨੂੰ ਬਿਜਲੀ ਦਿੱਤੀ ਸੀ ਅਤੇ ਓਂਟਾਰੀਓ ਮਿਸ਼ੀਗਨ, ਮਿਨੀਸੋਟਾ ਅਤੇ ਨਿਊਯਾਰਕ ਨੂੰ ਬਿਜਲੀ ਦੀ ਭਾਰੀ ਬਰਾਮਦ ਕੀਤੀ।

ਟਰੂਡੋ ਦੀ ਟਰੰਪ ਨੂੰ ਮਿਲਣ ਪਿੱਛੋਂ ਪ੍ਰੀਮੀਅਰਾਂ ਨਾਲ ਪਹਿਲੀ ਮੁਲਾਕਾਤ
ਟਰੂਡੋ ਦੀ ਫਲੋਰਿਡਾ ਵਿਚ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਪ੍ਰੀਮੀਅਰਾਂ ਨਾਲ ਇਹ ਪਹਿਲੀ ਮੁਲਾਕਾਤ ਸੀ। ਫੋਰਡ ਨੇ ਅੱਗੇ ਕਿਹਾ ਕਿ ਓਂਟਾਰੀਓ ਆਪਣੀ ਊਰਜਾ ਅਮਰੀਕਾ ਨੂੰ ਭੇਜਣਾ ਜਾਰੀ ਰੱਖਣਾ ਪਸੰਦ ਕਰੇਗਾ। ਇੱਕ ਇੰਟਰਵਿਊ ਵਿਚ ਫੋਰਡ ਨੇ ਕਿਹਾ, ‘‘ਮੈਂ ਸਿਰਫ਼ ਰਾਸ਼ਟਰਪਤੀ ਨੂੰ ਇੰਨਾ ਕਹਿ ਰਿਹਾ ਹਾਂ, ਅਸੀਂ ਸਮੱਸਿਆ ਨਹੀਂ ਹਾਂ। ਚੀਨ ਸਮੱਸਿਆ ਹੈ। ਮੈਕਸੀਕੋ ਸਮੱਸਿਆ ਹੈ। ਚੀਨ ਪੁਰਜ਼ਿਆਂ ਅਤੇ ਕਾਰਾਂ ਨੂੰ ਮੈਕਸੀਕੋ ਭੇਜ ਰਿਹਾ ਹੈ ਅਤੇ ਮੈਕਸੀਕੋ 'ਮੇਡ ਇਨ ਮੈਕਸੀਕੋ' ਸਟਿੱਕਰ ਚਿਪਕਾ ਕੇ ਉਨ੍ਹਾਂ ਨੂੰ ਅਮਰੀਕਾ ਅਤੇ ਕੈਨੇਡਾ ਤੱਕ ਭੇਜ ਰਿਹਾ ਹੈ, ਜਿਸ ਨਾਲ ਅਮਰੀਕੀ ਅਤੇ ਕੈਨੇਡੀਅਨ ਨੌਕਰੀਆਂ ਦਾ ਨੁਕਸਾਨ ਹੋ ਰਿਹਾ ਹੈ।’’
ਕੀ ਕਹਿੰਦੇ ਹਨ ਐਨਡੀਪੀ ਨੇਤਾ ਜਗਮੀਤ ਸਿੰਘ ਤੇ ਕੰਜ਼ਰਵੇਟਿਵ ਆਗੂ ਪੋਲੀਵਰ

ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਹੁਣ ਏਕਤਾ ਅਤੇ ਸ਼ਕਤੀ ਪ੍ਰਦਰਸ਼ਨ ਦੇ ਸੰਕੇਤ ਭੇਜਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਵੀਕਾਰ ਕਰਨ ਦੀ ਜ਼ਰੂਰਤ ਹੈ ਕਿ ਟਰੰਪ  ਧੱਕੇਸ਼ਾਹੀ ਕਰ ਰਿਹਾ  ਹੈ। ਧੱਕੇਸ਼ਾਹੀ ਕਰਨ ਵਾਲੇ ਕਮਜ਼ੋਰੀ ਦੀ ਭਾਲ ਕਰਦੇ ਹਨ। ਇਸ ਲਈ ਉਹ ਸਾਨੂੰ ਟਰੌਲ ਕਰ ਰਹੇ ਹਨ।  ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਵਰ ਨੇ ਕਿਹਾ ਕਿ ਹਰ ਕੰਜ਼ਰਵੇਟਿਵ ਹਰ ਇਕ ਅਮਰੀਕੀ ਨੂੰ ਦੱਸੇਗਾ ਕਿ ਕੈਨੇਡਾ 'ਤੇ ਟੈਰਿਫ਼ ਲਗਾਉਣਾ ਇਕ ਬੁਰਾ ਵਿਚਾਰ ਹੋਵੇਗਾ। ਪਰ ਉਨ੍ਹਾਂ ਨੇ ਵਾਰ-ਵਾਰ ਟਰੂਡੋ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਇਕ ਕਮਜ਼ੋਰ ਨੇਤਾ ਹਨ ਜੋ ਟਰੰਪ ਦੀਆਂ ਧਮਕੀਆਂ ਤੋਂ ਕੈਨੇਡਾ ਦੀ ਰੱਖਿਆ ਨਹੀਂ ਕਰ ਸਕਦੇ।

ਅਮਰੀਕਾ ਨੂੰ ਬਿਜਲੀ ਬੰਦ ਦੀ ਧਮਕੀ ਮਾਮਲੇ ‘ਚ ਡੱਗ ਫੋਰਡ ਇਕੱਲਾ ਪਿਆ

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ: ਅਮਰੀਕੀ ਸਦਰ ਟਰੰਪ ਵਲੋਂ ਕੈਨੇਡਾ ਤੋਂ ਆਉਂਦੇ ਸਮਾਨ ’ਤੇ ਟੈਰਿਫ ਵਧਾਉਣ ਦੇ ਬਿਆਨ ਦੇ ਜਵਾਬ ਵਿੱਚ ਕੈਨੇਡਾ ਵਲੋਂ ਅਮਰੀਕਾ ਨੂੰ ਭੇਜੀ ਜਾਂਦੀ ਬਿਜਲੀ ਬੰਦ ਕਰਨ ਦੀ ਧਮਕੀ ਵਾਲੇ ਮਾਮਲੇ ਵਿੱਚ ਉਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਇਕੱਲੇ ਪੈ ਗਏ ਹਨ। ਬਿਜਲੀ ਉਤਪਾਦਕ ਸੂਬਿਆਂ ਜਿਵੇਂ ਅਲਬਰਟਾ. ਕਿਊਬੈਕ, ਨਿਊ ਫਾਊਂਡ ਲੈਂਡ ਤੇ ਲੈਬਰਾਡੋਰ ਦੇ ਮੁੱਖ ਮੰਤਰੀਆਂ ਨੇ ਡੱਗ ਫੋਰਡ ਦੇ ਬਿਆਨ ਨੂੰ ਉਸ ਦਾ ਨਿੱਜੀ ਬਿਆਨ ਕਰਾਰ ਦਿੱਤਾ ਹੈ।

ਪ੍ਰਧਾਨ ਮੰਤਰੀ ਜਸਟਿਨ  ਟਰੂਡੋ ਵਲੋਂ ਦੇਸ਼ ਦੇ 10 ਸੂਬਿਆਂ ਤੇ ਤਿੰਨ ਕੇਂਦਰੀ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਦੀ ਸੱਦੀ ਮੀਟਿੰਗ ਵਿੱਚ ਡੱਗ ਫੋਰਡ ਨੇ ਅਮਰੀਕਾ ਨੂੰ ਧਮਕੀ ਵਰਗਾ ਬਿਆਨ ਦਿੰਦਿਆਂ ਕਿਹਾ ਸੀ ਕਿ ਜੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਰਡ ਟਰੰਪ ਵਲੋਂ ਕੈਨੇਡਾ ਤੋਂ ਜਾਂਦੇ ਅਰਬਾਂ ਡਾਲਰ ਦੇ ਸਮਾਨ ’ਤੇ ਟੈਰਿਫ ਲਾਇਆ ਤਾਂ ਕੈਨੇਡਾ ਵਲੋਂ ਅਮਰੀਕਾ ਨੂੰ ਜਾਂਦੀ ਬਿਜਲੀ ਬੰਦ ਕਰਕੇ ਉਸਨੂੰ ਸੰਕਟ ਵਿੱਚ ਪਾਇਆ ਜਾ ਸਕਦਾ ਹੈ। ਡੱਗ ਫੋਰਡ ਦੇ ਬਿਆਨ ਤੋਂ ਪਾਸੇ ਹੁੰਦੇ ਹੋਏ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਵਿਰੋਧ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਸਮਰਥਨ ਕਰਦਿਆਂ ਕਿਊਬੈਕ ਦੇ ਮੁੱਖ ਮੰਤਰੀਆਂ ਫਰੈਂਕੋਸ ਲੈਗੋਇਟ ਤੇ ਲੈਬਰਾਡੋਰ ਦੇ ਐਂਡਰਿਊ ਫਿਉਰੀ ਨੇ ਕਿਹਾ ਕਿ ਉਹ ਉਂਟਾਰੀਓ ਦੇ ਮੁੱਖ ਮੰਤਰੀ ਦੀ ਇਸ ਸੋਚ ਦਾ ਸਮਰਥਨ ਨਹੀਂ ਕਰਦੇ।
ਫੋਰਡ ਦੇ ਬਿਆਨ ’ਤੇ ਪੱਤਰਕਾਰਾਂ ਵਲੋਂ ਟਰੰਪ ਦੀ ਪ੍ਰਤੀਕਿਰਿਆ ਜਾਨਣ  ਲਈ ਨਿਊ ਯਾਰਕ ਵਿੱਚ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ  ਉਸ ਵੇਲੇ ਤਾਂ ਉਨ੍ਹਾਂ ਵਲੋਂ ਇਹ ਕਹਿ ਕੇ ਗੱਲ ਸਮਾਪਤ ਕਰ ਦਿੱਤੀ ਕਿ ਜੇ ਕੋਈ ਇੰਜ ਕਰਦਾ ਹੈ ਤਾਂ ਕੋਈ ਗੱਲ ਨਹੀਂ। ਪਰ ਆਗਾਮੀ  20 ਜਨਵਰੀ ਨੂੰ ਵਾਈਟ੍ਹ ਹਾਊਸ ਦੇ ਤਖ਼ਤ ’ਤੇ ਦੂਜੀ ਵਾਰ ਬਿਰਾਜਮਾਨ ਹੋਣ ਵਾਲੇ ਟਰੰਪ ਨੇ ਆਪਣੀ ਆਦਤ ਅਨੁਸਾਰ ਥੋੜੀ ਦੇਰ ਬਾਅਦ ਜਵਾਬ ਵਿੱਚ ਵਾਧਾ ਕਰਦਿਆਂ ਕੈਨੇਡਾ ਸਰਕਾਰ ਨੂੰ ਚੇਤਾ ਕਰਾਇਆ ਕਿ ਅਮਰੀਕਾ ਵਲੋਂ ਹਰ ਸਾਲ ਕੈਨੇਡਾ ਨੂੰ 100 ਅਰਬ ਡਾਲਰ ਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਨੂੰ ਵਾਪਸ ਲੈਂਣ ਤੋਂ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੋਏਗੀ।
Advertisement
×