ਕੇਂਦਰੀ ਮੰਤਰੀ ਜੈਅੰਤ ਚੌਧਰੀ ਬ੍ਰਿਸਬਨ ਵਿੱਚ ਭਾਰਤੀਆਂ ਦੇ ਰੂਬਰੂ
ਹੁਨਰ ਵਿਕਾਸ ਤੇ ਉੱਦਮਾਂ ਬਾਰੇ ਕੇਂਦਰੀ ਰਾਜ ਮੰਤਰੀ ਜੈਅੰਤ ਚੌਧਰੀ ਬ੍ਰਿਸਬਨ ਸਥਿਤ ਭਾਰਤੀ ਕੌਂਸੁਲੇਟ ਵਿੱਚ ਭਾਰਤੀਆਂ ਦੇ ਰੂਬਰੂ ਹੋਏ। ਇਸ ਸਬੰਧੀ ਸਮਾਗਮ ’ਚ ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਹੁਨਰ ਵਿਕਾਸ ਤੇ ਉੱਦਮਤਾ ਵਿੱਚ ਨਵੀਂਆਂ ਸੰਭਾਵਨਾਵਾਂ ਨੂੰ ਸਮੇਂ ਦੀ ਮੰਗ ਦੱਸਿਆ। ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਹੁਨਰ ਵਿਕਾਸ ਵਿੱਚ ਮਜ਼ਬੂਤ ਭਾਈਵਾਲੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਨੌਜਵਾਨ ਮਨੁੱਖੀ ਸ਼ਕਤੀ ਅਤੇ ਆਸਟਰੇਲੀਆ ਦੇ ਮਾਹਿਰ ਮਿਲ ਕੇ ਕੌਮਾਂਤਰੀ ਚੁਣੌਤੀਆਂ ਦਾ ਹੱਲ ਕੱਢ ਸਕਦੇ ਹਨ। ਸਮਾਗਮ ਤੋਂ ਪਹਿਲਾਂ ਸ੍ਰੀ ਚੌਧਰੀ ਨੇ ਬ੍ਰਿਸਬਨ ਦੇ ਰੋਮਾ ਸਟ੍ਰੀਟ ਪਾਰਕਲੈਂਡਜ਼ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ਰਧਾਂਜਲੀ ਦਿੱਤੀ।
ਇਸ ਮਗਰੋਂ ਉਨ੍ਹਾਂ ਨੇ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਦੀ ਐਕਸਪੈਰੀਮੈਂਟਲ ਖਾਣ ਦਾ ਦੌਰਾ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੇ ਖੋਜ ਪ੍ਰਾਜੈਕਟਾਂ ਨੂੰ ਦੇਖਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡੈਬੋਰਾ ਟੈਰੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਭਾਰਤ ਵਿੱਚ ਖਣਨ ਖੇਤਰ ਲਈ ਇੱਕ ਸੈਂਟਰ ਆਫ਼ ਐਕਸਲੈਂਸ ਸਥਾਪਤ ਕਰਨ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਈਨਜ਼ਲੈਂਡ ਦੇ ਈਗਲ ਫਾਰਮ ਕੰਪਲੈਕਸ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵਪਾਰ, ਰੁਜ਼ਗਾਰ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਪੀਟਰ ਮੈਕੇ ਅਤੇ ਟੀਐਫਈ ਕੁਈਨਜ਼ਲੈਂਡ ਦੇ ਸੀਈਓ ਜੌਨ ਟੱਕਰ ਨਾਲ ਗੱਲਬਾਤ ਕੀਤੀ ਅਤੇ ਚੱਲ ਰਹੀਆਂ ਅਤਿਆਧੁਨਿਕ ਲੈਬਾਂ ਅਤੇ ਕੋਰਸਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਬ੍ਰਿਸਬਨ ਸਥਿਤ ਭਾਰਤੀ ਕੌਂਸੁਲੇਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਸਮਾਗਮ ਭਾਰਤੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਅਤੇ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਤੇ ਸਿੱਖਿਆ ਸਹਿਯੋਗ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਮਾਹਿਰਾਂ ਅਨੁਸਾਰ ਇਹ ਦੌਰਾ ਭਾਰਤ-ਆਸਟਰੇਲੀਆ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਹੁਨਰ ਵਿਕਾਸ ਤੇ ਉੱਦਮਤਾ ਲਈ ਨਵੇਂ ਰਾਹ ਖੋਲ੍ਹੇਗਾ।