ਯੂਕਰੇਨ: ਜ਼ੇਲੈਂਸਕੀ ਨੇ ਯੂਲੀਆ ਨੂੰ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ
ਯੂਕਰੇਨ ਦੀ ਅਰਥਚਾਰੇ ਬਾਰੇ ਮੰਤਰੀ ਅਤੇ ਅਮਰੀਕਾ ਨਾਲ ਖਣਿਜ ਸਮਝੌਤੇ ਵਿੱਚ ਮੁੱਖ ਵਾਰਤਾਕਾਰ ਯੂਲੀਆ ਸਵਿਰੀਦੈਂਕੋ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਸਾਲ 2022 ਵਿੱਚ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਦੀ ਸਰਕਾਰ ਦੀ ਪਹਿਲੀ ਨਵੀਂ ਮੁਖੀ ਹੈ।
ਸਵਿਰੀਦੈਂਕੋ ਯੂਕਰੇਨ ਸਰਕਾਰ ਦੇ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਜੰਗ ਨਾਲ ਥੱਕੇ ਹੋਏ ਦੇਸ਼ ਵਿੱਚ ਨਵੀਂ ਊਰਜਾ ਭਰਨ ਅਤੇ ਰੂਸ ਦੇ ਲਗਾਤਾਰ ਹਮਲਿਆਂ ਦੇ ਮੱਦੇਨਜ਼ਰ ਘਰੇਲੂ ਹਥਿਆਰਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ। ਹਾਲਾਂਕਿ, ਘਰੇਲੂ ਪੱਧਰ ’ਤੇ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਇਕ ਵੱਡੇ ਬਦਲਾਅ ਵਜੋਂ ਨਹੀਂ ਦੇਖਿਆ ਜਾ ਰਿਹਾ ਹੈ ਕਿਉਂਕਿ ਯੂਕਰੇਨੀ ਨੇਤਾ ਵੱਲੋਂ ਉਨ੍ਹਾਂ ਅਧਿਕਾਰੀਆਂ ’ਤੇ ਭਰੋਸਾ ਕੀਤਾ ਜਾਣਾ ਜਾਰੀ ਹੈ, ਜਿਨ੍ਹਾਂ ਨੇ ਜੰਗ ਦੌਰਾਨ ਆਪਣਾ ਪ੍ਰਭਾਵ ਅਤੇ ਵਫ਼ਾਦਾਰੀ ਸਾਬਤ ਕੀਤੀ ਹੈ। ਯੂਕਰੇਨ ਅਤੇ ਰੂਸ ਜੰਗ ਹੁਣ ਚੌਥੇ ਸਾਲ ਵਿੱਚ ਦਾਖ਼ਲ ਹੋ ਚੁੱਕੀ ਹੈ।