ਰੂਸ ਵੱਲੋਂ ਖੋਹੇ ਸਾਰੇ ਇਲਾਕੇ ਮੁੜ ਹਾਸਲ ਕਰ ਸਕਦੈ ਯੂਕਰੇਨ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਕਰੇਨ, ਰੂਸ ਹੱਥੋਂ ਗੁਆ ਚੁੱਕੇ ਸਾਰੇ ਖ਼ਿੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਇਹ ਬਿਆਨ ਉਨ੍ਹਾਂ ਦੇ ਪਹਿਲਾਂ ਦੇ ਰਵੱਈਏ ਤੋਂ ਵੱਖਰਾ ਹੈ ਜਦੋਂ ਉਨ੍ਹਾਂ ਵਾਰ-ਵਾਰ ਜੰਗ ਖ਼ਤਮ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਕਰੇਨ, ਰੂਸ ਹੱਥੋਂ ਗੁਆ ਚੁੱਕੇ ਸਾਰੇ ਖ਼ਿੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਇਹ ਬਿਆਨ ਉਨ੍ਹਾਂ ਦੇ ਪਹਿਲਾਂ ਦੇ ਰਵੱਈਏ ਤੋਂ ਵੱਖਰਾ ਹੈ ਜਦੋਂ ਉਨ੍ਹਾਂ ਵਾਰ-ਵਾਰ ਜੰਗ ਖ਼ਤਮ ਕਰਨ ਲਈ ਕੀਵ ਨੂੰ ਰਿਆਇਤਾਂ ਦੇਣ ਦੀ ਅਪੀਲ ਕੀਤੀ ਸੀ। ਸੰਯੁਕਤ ਰਾਸ਼ਟਰ ਮਹਾਸਭਾ ’ਚ ਆਲਮੀ ਆਗੂਆਂ ਦੀ ਮੀਟਿੰਗ ਤੋਂ ਵੱਖ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕੀਤੀ। ਟਰੰਪ ਨੇ ਲਿਖਿਆ, ‘‘ਮੈਨੂੰ ਲਗਦਾ ਹੈ ਕਿ ਯੂਰਪੀ ਯੂਨੀਅਨ ਦੀ ਹਮਾਇਤ ਨਾਲ ਯੂਕਰੇਨ ਉਸ ਹਾਲਤ ’ਚ ਹੈ ਜਿਥੇ ਉਹ ਲੜ ਕੇ ਅਤੇ ਜਿੱਤ ਕੇ ਆਪਣੇ ਸਾਰੇ ਖ਼ਿੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਸਮਾਂ, ਸੰਜਮ ਅਤੇ ਯੂਰਪ ਤੇ ਖਾਸ ਕਰਕੇ ਨਾਟੋ ਦੇ ਵਿੱਤੀ ਸਹਿਯੋਗ ਨਾਲ ਇਸ ਜੰਗ ਦੀ ਸ਼ੁਰੂਆਤ ’ਚ ਜਿਥੋਂ ਸਰਹੱਦਾਂ ਬਦਲੀਆਂ ਸਨ, ਉਥੇ ਪਰਤਣਾ ਪੂਰੀ ਤਰ੍ਹਾਂ ਸੰਭਵ ਹੈ।’’ ਟਰੰਪ ਦਾ ਹਮਾਇਤ ਵਾਲਾ ਰਵੱਈਆ ਜੇ ਇਸੇ ਤਰ੍ਹਾਂ ਕਾਇਮ ਰਿਹਾ ਤਾਂ ਜ਼ੇਲੈਂਸਕੀ ਲਈ ਵੱਡੀ ਜਿੱਤ ਸਾਬਤ ਹੋਵੇਗਾ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਆਪਣੇ ਆਪ ’ਚ ਗੇਂਮਚੇਂਜਰ ਹੈ।
ਰੂਸ ਵੱਲੋਂ ਟਰੰਪ ਦਾ ਬਿਆਨ ਖਾਰਜ
ਮਾਸਕੋ: ਰੂਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਉਨ੍ਹਾਂ ਕਿਹਾ ਹੈ ਕਿ ਯੂਕਰੇਨ, ਯੂਰਪੀ ਯੂਨੀਅਨ ਦੀ ਸਹਾਇਤਾ ਨਾਲ ਆਪਣੇ ਖੁੱਸੇ ਇਲਾਕੇ ਮੁੜ ਤੋਂ ਹਾਸਲ ਕਰ ਸਕਦਾ ਹੈ। ਰੂਸੀ ਤਰਜਮਾਨ ਦਮਿੱਤਰੀ ਪੇਸਕੋਵ ਨੇ ਕਿਹਾ ਕਿ ਰੂਸ ਵੀ ਹੁਣ ਯੂਰਪੀ ਸੁਰੱਖਿਆ ਦਾ ਅਟੁੱਟ ਹਿੱਸਾ ਹੈ। ਉਸ ਨੇ ਕਿਹਾ ਕਿ ਟਰੰਪ ਨੇ ਆਪਣੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਦਾ ਪੱਖ ਸੁਣਿਆ ਅਤੇ ਉਹ ਉਸ ਤੋਂ ਪ੍ਰਭਾਵਿਤ ਹੋ ਗਏ ਜਿਸ ਕਾਰਨ ਉਨ੍ਹਾਂ ਬਿਆਨ ਦਿੱਤਾ ਹੈ। -ਪੀਟੀਆਈ
ਯੂਕਰੇਨ ਦੇ ਨਾਲ ਹੀ ਹੈ ਭਾਰਤ: ਜ਼ੇਲੈਂਸਕੀ
ਵਾਸ਼ਿੰਗਟਨ: ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਭਾਰਤ, ਯੂਕਰੇਨ ਦੇ ਨਾਲ ਹੈ ਅਤੇ ਉਮੀਦ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਖ਼ਲ ਨਾਲ ਨਵੀਂ ਦਿੱਲੀ ਦਾ ਰੂਸੀ ਊਰਜਾ ਖੇਤਰ ਪ੍ਰਤੀ ਰਵੱਈਆ ਬਦਲੇਗਾ। ‘ਫੌਕਸ ਨਿਊਜ਼’ ਨਾਲ ਇੰਟਰਵਿਊ ਦੌਰਾਨ ਯੂਕਰੇਨ ਖ਼ਿਲਾਫ਼ ਰੂਸ ਦੀ ਜੰਗ ’ਚ ਚੀਨ ਅਤੇ ਭਾਰਤ ਦੀ ਭੂਮਿਕਾ ਬਾਰੇ ਪੁੱਛੇ ਸਵਾਲ ਦਾ ਜ਼ੇਲੈਂਸਕੀ ਜਵਾਬ ਦੇ ਰਹੇ ਸਨ। ਜ਼ੇਲੈਂਸਕੀ ਨੇ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਭਾਰਤ ਮੁੱਖ ਤੌਰ ’ਤੇ ਸਾਡੇ ਨਾਲ ਹੈ। ਸਾਡੇ ਊਰਜਾ ਨੂੰ ਲੈ ਕੇ ਕੁਝ ਸਵਾਲ ਹਨ ਪਰ ਮੈਨੂੰ ਜਾਪਦਾ ਹੈ ਕਿ ਰਾਸ਼ਟਰਪਤੀ ਟਰੰਪ ਯੂਰਪੀ ਮੁਲਕਾਂ ਨਾਲ ਮਿਲ ਕੇ ਇਸ ’ਤੇ ਪਾਬੰਦੀ ਲਗਾ ਸਕਦੇ ਹਨ ਅਤੇ ਭਾਰਤ ਨਾਲ ਵਧੇਰੇ ਮਜ਼ਬੂਤ ਅਤੇ ਨੇੜਲੇ ਸਬੰਧ ਬਣਾ ਸਕਦੇ ਹਾਂ। ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਭਾਰਤੀਆਂ ਨੂੰ ਪੈਰ ਪਿਛਾਂਹ ਨਾ ਖਿੱਚਣੇ ਪੈਣ ਅਤੇ ਉਹ ਰੂਸੀ ਊਰਜਾ ਖੇਤਰ ਪ੍ਰਤੀ ਆਪਣਾ ਰੁਖ਼ ਬਦਲਣਗੇ।’’ ਚੀਨ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਦੀ ਹਮਾਇਤ ਕਰਨਾ ਚੀਨ ਦੇ ਹਿੱਤ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਰਾਨ ਕਦੇ ਵੀ ਯੂਕਰੇਨ ਦੇ ਪੱਖ ’ਚ ਨਹੀਂ ਭੁਗਤੇਗਾ। -ਪੀਟੀਆਈ