ਯੂਕਰੇਨ ’ਚ ਹਥਿਆਰਾਂ ਦਾ ਉਤਪਾਦਨ 50 ਫ਼ੀਸਦ ਤੱਕ ਵਧਾਉਣ ਦਾ ਟੀਚਾ: ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਦੇਸ਼ ਦੀ ਨਵੀਂ ਸਰਕਾਰ ਰੂਸ ਦੇ ਹਮਲੇ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਹੋਏ ਛੇ ਮਹੀਨਿਆਂ ਦੇ ਅੰਦਰ ਦੇਸ਼ ਦੀਆਂ ਹਥਿਆਰਾਂ ਸਬੰਧੀ ਅੱਧੀਆਂ ਲੋੜਾਂ ਨੂੰ ਪੂਰਾ ਕਰਨ ਲਈ ਘਰੇਲੂ ਹਥਿਆਰਾਂ ਦਾ ਉਤਪਾਦਨ ਵਧਾਉਣ ਦੀ ਦੌੜ ਵਿੱਚ ਸ਼ਾਮਲ ਹੋਵੇਗੀ।
ਜ਼ੇਲੈਂਸਕੀ ਅਨੁਸਾਰ, ਘਰੇਲੂ ਰੱਖਿਆ ਨਿਰਮਾਣ ਪਹਿਲਾਂ ਹੀ ਯੂਕਰੇਨੀ ਫੌਜ ਵੱਲੋਂ ਵਰਤੇ ਜਾਂਦੇ ਹਥਿਆਰਾਂ ਦਾ ਲਗਪਗ 40 ਫੀਸਦ ਬਣਦਾ ਹੈ। ਪੱਛਮੀ ਦੇਸ਼ਾਂ ਵੱਲੋਂ ਹਥਿਆਰ ਮੁਹੱਈਆ ਕੀਤੇ ਜਾਣ ਬਾਰੇ ਅਨਿਸ਼ਚਿਤਤਾ ਵਧਦੀ ਜਾ ਰਹੀ ਹੈ, ਇਸ ਕਰ ਕੇ ਯੂਕਰੇਨ ਘਰੇਲੂ ਹਥਿਆਰਾਂ ਦਾ ਉਤਪਾਦਨ ਵਧਾਉਣ ਅਤੇ ਰੂਸ ’ਤੇ ਆਪਣੇ ਹਮਲੇ ਵਧਾਉਣ ਲਈ ਕਾਹਲਾ ਹੈ।
ਜ਼ੇਲੈਂਸਕੀ ਨੇ ਦੇਰ ਰਾਤ ਆਪਣੇ ਰਾਤ ਦੇ ਵੀਡੀਓ ਸੰਬੋਧਨ ਵਿੱਚ ਕਿਹਾ, ‘‘ਸਾਨੂੰ ਇਸ ਜੰਗ ਨੂੰ ਵਾਪਸ ਰੂਸ ਦੇ ਖੇਤਰ ਵਿੱਚ ਧੱਕਣ ਲਈ ਵਧੇਰੇ ਸਮਰੱਥਾ ਦੀ ਲੋੜ ਹੈ। ਨਵੀਂ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਦੇ ਅੰਦਰ ਸਾਨੂੰ ਆਪਣੇ ਘਰੇਲੂ ਉਤਪਾਦਨ ਦਾ ਵਿਸਤਾਰ ਕਰ ਕੇ ਯੂਕਰੇਨ ਵਿੱਚ ਬਣੇ ਹਥਿਆਰਾਂ ਦੀ ਹਿੱਸੇਦਾਰੀ 50 ਫੀਸਦ ਤੱਕ ਪਹੁੰਚਾਉਣੀ ਚਾਹੀਦੀ ਹੈ। ਯੂਕਰੇਨ ਦੀ ਫੌਜ ਨੂੰ ਲੋੜੀਂਦੇ ਹਥਿਆਰਾਂ ਨਾਲ ਲੈਸ ਕਰਨ ਦੀ ਸਖ਼ਤ ਲੋੜ ਹੈ ਕਿਉਂਕਿ ਰੂਸ ਸੈਂਕੜੇ ਡਰੋਨਾਂ ਅਤੇ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਨਾਲ ਯੂਕਰੇਨੀ ਸ਼ਹਿਰਾਂ ’ਤੇ ਹਮਲੇ ਕਰ ਰਿਹਾ ਹੈ।’’ਇਸ ਦੌਰਾਨ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵਾਅਦੇ ਮੁਤਾਬਕ ਅਮਰੀਕਾ ਵਿੱਚ ਬਣੇ ਹਥਿਆਰਾਂ, ਖਾਸ ਤੌਰ ’ਤੇ ਪੈਟਰੀਆਟ ਮਿਜ਼ਾਈਲ ਪ੍ਰਣਾਲੀਆਂ ਜੋ ਯੂਕਰੇਨੀ ਹਵਾਈ ਰੱਖਿਆ ਲਈ ਮਹੱਤਵਪੂਰਨ ਹਨ, ਯੂਕਰੇਨ ਕਦੋਂ ਪਹੁੰਚ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਥਿਆਰ ਭੇਜਣ ਲਈ ਸਹਿਮਤੀ ਦਿੱਤੀ ਸੀ, ਪਰ ਇਸ ਦਾ ਭੁਗਤਾਨ ਯੂਰੋਪੀ ਦੇਸ਼ਾਂ ਵੱਲੋਂ ਕੀਤਾ ਜਾਵੇਗਾ।