ਵ੍ਹਾਈਟ ਹਾਊਸ ਨੇੜੇ ਘਾਤ ਲਗਾ ਕੇ ਹਮਲਾ, ਦੋ ਸੁਰੱਖਿਆ ਕਰਮੀ ਜ਼ਖ਼ਮੀ
ਅਫ਼ਗਾਨ ਹਮਲਾਵਰ ਗ੍ਰਿਫ਼ਤਾਰ; ਮਿੱਥ ਕੇ ਗੋਲੀਆਂ ਚਲਾੳੁਣ ਦਾ ਦਾਅਵਾ
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ’ਚ ਤਾਇਨਾਤ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਨੂੰ ਇਕ ਸ਼ੱਕੀ ਨੇ ਵ੍ਹਾਈਟ ਹਾਊਸ ਤੋਂ ਮਹਿਜ਼ ਕੁਝ ਦੂਰੀ ’ਤੇ ਗੋਲੀ ਮਾਰ ਦਿੱਤੀ। ਐੱਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਅਤੇ ਵਾਸ਼ਿੰਗਟਨ ਦੇ ਮੇਅਰ ਮਿਊਰੀਅਲ ਬਾਊਜ਼ਰ ਨੇ ਕਿਹਾ ਕਿ ਦੋਵੇਂ ਸੁਰੱਖਿਆ ਕਰਮੀਆਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੇਅਰ ਅਨੁਸਾਰ, ਇਹ ਮਿੱਥ ਕੇ ਕੀਤਾ ਹਮਲਾ ਹੈ। ਪੁਲੀਸ ਨੇ ਇਸ ਮਾਮਲੇ ’ਚ ਅਫ਼ਗਾਨ ਨੌਜਵਾਨ ਨੂੰ ਫੜਿਆ ਹੈ ਜਿਸ ਦੀ ਪਛਾਣ ਰਹਿਮਾਨਉੱਲ੍ਹਾ ਲਕਨਵਾਲ (29) ਵਜੋਂ ਹੋਈ ਹੈ। ‘ਥੈਂਕਸਗਿਵਿੰਗ’ ਤੋਂ ਪਹਿਲਾਂ ਨੈਸ਼ਨਲ ਗਾਰਡ ਦੇ ਮੈਂਬਰਾਂ ’ਤੇ ਗੋਲੀਆਂ ਉਸ ਸਮੇਂ ਚਲਾਈਆਂ ਗਈਆਂ ਜਦੋਂ ਅਮਰੀਕਾ ਦੀ ਰਾਜਧਾਨੀ ਅਤੇ ਹੋਰ ਸ਼ਹਿਰਾਂ ’ਚ ਉਸ ਦੀ ਮੌਜੂਦਗੀ ਮਹੀਨਿਆਂ ਤੋਂ ਵਿਵਾਦ ਦਾ ਮੁੱਦਾ ਬਣੀ ਹੋਈ ਹੈ ਜਿਸ ਨਾਲ ਅਦਾਲਤ ’ਚ ਕਾਨੂੰਨੀ ਲੜਾਈ ਅਤੇ ਜਨਤਕ ਨੀਤੀ ’ਤੇ ਵੱਡੇ ਪੱਧਰ ਉਪਰ ਬਹਿਸ ਛਿੜ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਪੁਲੀਸ ਹਿਰਾਸਤ ’ਚ ਲਏ ਸ਼ੱਕੀ ਨੂੰ ਵੀ ਗੋਲੀ ਲੱਗੀ ਹੈ ਪਰ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਅਫ਼ਗਾਨ ਨਾਗਰਿਕ 2021 ’ਚ ‘ਅਪਰੇਸ਼ਨ ਐਲਾਈਜ਼ ਵੈਲਕਮ’ ਤਹਿਤ ਅਮਰੀਕਾ ਪਹੁੰਚਿਆ ਸੀ। ਇਹ ਬਾਇਡਨ ਪ੍ਰਸ਼ਾਸਨ ਦਾ ਪ੍ਰੋਗਰਾਮ ਸੀ ਜਿਸ ਤਹਿਤ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਉਥੋਂ ਕੱਢੇ ਗਏ ਹਜ਼ਾਰਾਂ ਅਫ਼ਗਾਨ ਨਾਗਰਿਕਾਂ ਨੂੰ ਇਥੇ ਵਸਾਇਆ ਗਿਆ ਸੀ। ਲਕਨਵਾਲ ਪਤਨੀ ਅਤੇ ਪੰਜ ਬੱਚਿਆਂ ਨਾਲ ਬੇਲਿੰਘਮ (ਵਾਸ਼ਿੰਗਟਨ) ਪਹੁੰਚਿਆ ਸੀ।
ਅਫ਼ਗਾਨ ਸ਼ਰਨਾਰਥੀਆਂ ਦੀ ਜਾਂਚ ਹੋਵੇ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਾਇਡਨ ਪ੍ਰਸ਼ਾਸਨ ਤਹਿਤ ਮੁਲਕ ’ਚ ਆਏ ਸਾਰੇ ਅਫ਼ਗਾਨ ਸ਼ਰਨਾਰਥੀਆਂ ਦੀ ਮੁੜ ਤੋਂ ਜਾਂਚ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜੇ ਅਫ਼ਗਾਨ ਅਮਰੀਕਾ ਨੂੰ ਪਿਆਰ ਨਹੀਂ ਕਰ ਸਕਦੇ ਹਨ ਤਾਂ ਸਾਨੂੰ ਉਨ੍ਹਾਂ ਦੀ ਲੋੜ ਨਹੀਂ। ਉਨ੍ਹਾਂ ਗੋਲੀਬਾਰੀ ਨੂੰ ਪੂਰੇ ਰਾਸ਼ਟਰ ਖ਼ਿਲਾਫ਼ ਅਪਰਾਧ ਦੱਸਿਆ। ਉਨ੍ਹਾਂ ਕਿਹਾ, ‘‘ਢਿੱਲੀਆਂ ਇਮੀਗਰੇਸ਼ਨ ਨੀਤੀਆਂ ਮੁਲਕ ਦੀ ਸੁਰੱਖਿਆ ਲਈ ਖ਼ਤਰਾ ਹਨ। ਕੋਈ ਵੀ ਮੁਲਕ ਹੋਂਦ ਲਈ ਅਜਿਹਾ ਜੋਖ਼ਿਮ ਸਹਿਣ ਨਹੀਂ ਕਰ ਸਕਦਾ।’’ ਟਰੰਪ ਪ੍ਰਸ਼ਾਸਨ ਨੇ 500 ਹੋਰ ਨੈਸ਼ਨਲ ਗਾਰਡਾਂ ਨੂੰ ਫੌਰੀ ਵਾਸ਼ਿੰਗਟਨ ’ਚ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। -ਏਪੀ

