ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਜ਼ਾ ਦੀ ਕੈਥੋਲਿਕ ਚਰਚ ’ਤੇ ਹਮਲੇ ਵਿੱਚ ਦੋ ਹਲਾਕ

ਪਾਦਰੀ ਸਣੇ ਕੲੀ ਜ਼ਖਮੀ; ਇਜ਼ਰਾਇਲੀ ਟੈਂਕਾਂ ਤੋਂ ਗੋਲੇ ਦਾਗ਼ਣ ਦਾ ਸ਼ੱਕ
ਹਮਲੇ ਵਿੱਚ ਜ਼ਖਮੀ ਪਾਦਰੀ ਨੂੰ ਮੈਡੀਕਲ ਸਹਾਇਤਾ ਦਿੰਦੇ ਹੋਏ ਬਚਾਅ ਕਰਮੀ।
Advertisement

ਉੱਤਰੀ ਗਾਜ਼ਾ ’ਚ ਹੋਲੀ ਫੈਮਿਲੀ ਚਰਚ ’ਤੇ ਅੱਜ ਸਵੇਰੇ ਕੀਤੇ ਹਮਲੇ ’ਚ ਦੋ ਵਿਅਕਤੀ ਮਾਰੇ ਗਏ ਤੇ ਪਾਦਰੀ ਸਮੇਤ ਕਈ ਜ਼ਖ਼ਮੀ ਹੋ ਗਏ। ਕੈਥੋਲਿਕ ਚਰਚ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਦਰੀ ਗੈਬਰੀਅਲ ਰੋਮਾਨੇਲੀ ਮਰਹੂਮ ਪੋਪ ਫਰਾਂਸਿਸ ਦੇ ਨੇੜਲਿਆਂ ’ਚੋਂ ਸਨ। ਦੋਵੇਂ ਅਕਸਰ ਗਾਜ਼ਾ ’ਚ ਜਾਰੀ ਜੰਗ ਨੂੰ ਲੈ ਕੇ ਗੱਲਬਾਤ ਕਰਦੇ ਰਹਿੰਦੇ ਸਨ। ਗਾਜ਼ਾ ਦੀ ਇਕਲੌਤੀ ਕੈਥੋਲਿਕ ਚਰਚ ਨੂੰ ਹਮਲੇ ’ਚ ਭਾਰੀ ਨੁਕਸਾਨ ਪਹੁੰਚਿਆ ਹੈ।

ਪ੍ਰਤੱਖਦਰਸ਼ੀਆਂ ਮੁਤਾਬਕ ਇੰਝ ਪ੍ਰਤੀਤ ਹੁੰਦਾ ਹੈ ਕਿ ਇਜ਼ਰਾਇਲੀ ਟੈਂਕਾਂ ਤੋਂ ਗੋਲੇ ਦਾਗ਼ੇ ਗਏ ਸਨ। ਇਜ਼ਰਾਇਲੀ ਫੌਜ ਨੇ ਇਸ ਹਮਲੇ ’ਤੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਚਰਚ ਨੇ ਅਪਾਹਜ ਬੱਚਿਆਂ ਸਮੇਤ ਈਸਾਈਆਂ ਅਤੇ ਮੁਸਲਮਾਨਾਂ ਨੂੰ ਪਨਾਹ ਦਿੱਤੀ ਹੋਈ ਸੀ। ਅਲ-ਅਹਿਲੀ ਹਸਪਤਾਲ ਮੁਤਾਬਕ ਜ਼ਖ਼ਮੀ ਹੋਏ ਵਿਅਕਤੀਆਂ ’ਚੋਂ ਦੋ ਦੀ ਹਾਲਤ ਨਾਜ਼ੁਕ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਚਰਚ ’ਤੇ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ, ‘‘ਇਜ਼ਰਾਈਲ ਵੱਲੋਂ ਆਮ ਲੋਕਾਂ ’ਤੇ ਕਈ ਮਹੀਨਿਆਂ ਤੋਂ ਕੀਤੇ ਜਾ ਰਹੇ ਹਮਲੇ ਮਨਜ਼ੂਰ ਨਹੀਂ ਹਨ। ਕੋਈ ਵੀ ਫੌਜੀ ਕਾਰਵਾਈ ਅਜਿਹੇ ਰਵੱਈਏ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਹੈ।’’ ਚਰਚ ਅਲ-ਅਹਿਲੀ ਹਸਪਤਾਲ ਦੇ ਐਨ ਨੇੜੇ ਹੈ ਅਤੇ ਪਿਛਲੇ ਹਫ਼ਤੇ ਦੌਰਾਨ ਇਲਾਕੇ ’ਚ ਕਈ ਹਮਲੇ ਹੋਏ ਹਨ। ਅਮਰੀਕੀ ਵਿਦੇਸ਼ ਵਿਭਾਗ ਦੀ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਰਿਪੋਰਟ ਮੁਤਾਬਕ ਗਾਜ਼ਾ ’ਚ ਇਸ ਸਮੇਂ ਇਕ ਹਜ਼ਾਰ ਕੁ ਹੀ ਈਸਾਈ ਰਹਿੰਦੇ ਹਨ।

Advertisement

Advertisement